ਪੰਜਾਬ ਵਿੱਚ ਭਾਜਪਾ ਰਾਮ ਨਾਮ ਦੇ ਸਹਾਰੇ ਦਰਿਆ ਪਾਰ ਕਰਨ ਦੀ ਆਸ ਨਾਲ ਅੱਗੇ ਵੱਧ ਰਹੀ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਸੰਪਰਕ ਕਰਕੇ ਪੰਜਾਬ ਵਿੱਚ ਚੋਣ ਪ੍ਰਚਾਰ ਲਈ ਸਮਾਂ ਮੰਗਿਆ ਹੈ। ਭਾਜਪਾ ਹਾਈਕਮਾਂਡ ਮੁਤਾਬਿਕ ਯੋਗੀ ਆਦਿੱਤਿਆਨਾਥ ਵੀ ਪੰਜਾਬ ਵਿੱਚ ਚੋਣ ਰੈਲੀਆਂ ਕਰਦੇ ਨਜ਼ਰ ਆਉਣਗੇ। ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਪੰਜਾਬ ਦੇ ਬਟਾਲਾ, ਜਲੰਧਰ ਅਤੇ ਲੁਧਿਆਣਾ ਵਿੱਚ ਤਿੰਨ ਵੱਡੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਸੀਐਮ ਯੋਗੀ ਆਦਿਤਿਆਨਾਥ ਦੀਆਂ ਲੁਧਿਆਣਾ ਅਤੇ ਜਲੰਧਰ ਵਿੱਚ ਚੋਣ ਰੈਲੀਆਂ ਦਾ ਇੱਕ ਕਾਰਨ ਇਹ ਹੈ ਕਿ ਇੱਥੇ ਵੱਡੀ ਗਿਣਤੀ ਵਿੱਚ ਪੂਰਵਾਂਚਲ ਦੇ ਲੋਕ ਰਹਿੰਦੇ ਹਨ। ਲੁਧਿਆਣਾ ਅਤੇ ਜਲੰਧਰ ਪੰਜਾਬ ਦੇ ਉਦਯੋਗਿਕ ਕੇਂਦਰ ਹਨ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ 20 ਮਈ ਨੂੰ ਚੰਡੀਗੜ੍ਹ ਵਿੱਚ ਚੋਣ ਪ੍ਰਚਾਰ ਕਰਨ ਆ ਰਹੇ ਹਨ। ਭਾਜਪਾ ਦੇ ਵੱਡੇ ਨੇਤਾਵਾਂ ਦੀ ਇਹ ਦੂਜੀ ਜਨ ਸਭਾ ਹੋਵੇਗੀ। ਇਸ ਤੋਂ ਪਹਿਲਾਂ ਪਾਰਟੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੇ ਸੈਕਟਰ-27 ਦੇ ਰਾਮਲੀਲਾ ਮੈਦਾਨ ਵਿੱਚ ਜਨ ਸਭਾ ਕੀਤੀ ਸੀ।