ਪੰਜਾਬ ਅਤੇ ਹਰਿਆਣਾ ਵਿੱਚ ਬੁੱਧਵਾਰ ਰਾਤ ਤੋਂ ਵੀਰਵਾਰ ਨੂੰ ਪੂਰਾ ਦਿਨ ਪਏ ਮੀਂਹ ਅਤੇ ਦਿਨ ਭਰ ਚੱਲੀਆਂ ਸੀਤ ਹਵਾਵਾਂ ਕਰਕੇ ਠੰਢ ਵੱਧ ਗਈ ਹੈ। ਪਰ ਮੀਂਹ ਨੇ ਕਿਸਾਨਾਂ ਦੇ ਸਾਹ ਸੁਕਾਏ ਪਏ ਨ ਖੇਤਾਂ ਵਿੱਚ ਪਹਿਲਾਂ ਪਏ ਮੀਂਹ ਦਾ ਪਾਣੀ ਅਜੇ ਸੁੱਕਿਆ ਨਹੀਂ ਸੀ ਕਿ ਮੁੜ ਮੀਂਹ ਪੈਣ ਨਾਲ ਸਬਜ਼ੀਆਂ ਦੀ ਫ਼ਸਲ ਦਾ ਵੱਡਾ ਨੁਕਸਾਨ ਹੋਇਆ ਹੈ। ਕਣਕਾਂ ਵਿੱਚ ਪਾਣੀ ਖੜਨ ਕਰਕੇ ਫ਼ਸਲ ਦਾ ਰੰਗ ਪੀਲਾ ਪੈਣ ਲੱਗਿਆ ਹੈ। ਮੀਂਹ ਅਤੇ ਸੀਤ ਲਹਿਰ ਕਰਕੇ ਤਾਪਮਾਨ ਵੀ ਆਮ ਨਾਲੋਂ ਘੱਟ ਗਿਆ ਹੈ।
ਜਨਵਰੀ ਮਹੀਨੇ ਪੰਜਾਬ ਵਿੱਚ ਰੁਕ-ਰੁਕ ਕੇ ਪੈਂਦੇ ਰਹੇ ਮੀਂਹ ਅਤੇ ਧੁੱਪ ਨਾ ਨਿਕਲਣ ਕਰ ਕੇ ਆਲੂ, ਮਟਰ, ਟਮਾਟਰ, ਮੂਲੀ ਤੇ ਗਾਜਰ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਸੀ। ਹੁਣ ਫਰਵਰੀ ਦੇ ਇਸ ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ। ਉਨ੍ਹਾਂ ਦੀ ਆਲੂ ਅਤੇ ਮੂਲੀ ਦੀ ਫ਼ਸਲ ਤਾਂ ਨਸ਼ਟ ਹੋਣ ਕੰਢੇ ਪਹੁੰਚ ਗਈ ਹੈ। ਅਜਿਹੇ ਹਾਲਾਤ ਵਿੱਚ ਕਿਸਾਨ ਦਾਗੀ ਆਲੂ ਨੂੰ ਹੀ ਸਸਤੇ ਭਾਅ ਮੰਡੀਆਂ ’ਚ ਵੇਚਣ ਲਈ ਮਜਬੂਰ ਹੋ ਗਿਆ ਹੈ। ਜਦੋਂ ਕਿ ਟਮਾਟਰ ਵੀ ਦਾਗੀ ਹੋ ਗਿਆ ਅਤੇ ਮਟਰ ਦਾ ਰੰਗ ਵੀ ਬਦਲ ਗਿਆ ਹੈ। ਅਜਿਹੇ ਹਾਲਾਤ ਵਿੱਚ ਕਿਸਾਨਾਂ ਨੂੰ ਵੱਡੇ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ ਬਾਗ਼ਬਾਨੀ ਵਿਭਾਗ ਵੱਲੋਂ ਸੂਬੇ ’ਚ ਫ਼ਸਲਾਂ ਦੇ ਨੁਕਸਾਨ ਦਾ ਸਰਵੇਖਣ ਕਰਵਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ।