ਪੰਜਾਬ ‘ਚ ਬੇਮੌਸਮੀ ਮੀਂਹ ਨੇ ਕਿਸਾਨਾਂ ਦੀਆਂ ਚਿੰਤਾਵਾਂ ‘ਚ ਵਾਧਾ ਕਰ ਦਿੱਤਾ ਹੈ। ਪੰਜਾਬ ਦੇ ਪਟਿਆਲਾ ‘ਚ ਸੋਮਵਾਰ ਨੂੰ ਮੀਂਹ ਦੇ ਨਾਲ-ਨਾਲ ਭਾਰੀ ਗੜੇਮਾਰੀ ਹੋਈ ਹੈ। ਮੀਂਹ ਤੇ ਗੜੇਮਾਰੀ ਨਾਲ ਮੌਸਮ ਇੱਕ ਵਾਰ ਫਿਰ ਠੰਡਾ ਹੋ ਗਿਆ। ਇਸ ਦੇ ਨਾਲ ਹੀ ਇਸ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਸਰਕਾਰ ਤੋਂ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਐਤਵਾਰ ਰਾਤ ਨੂੰ ਹੀ ਪਟਿਆਲਾ ਦਾ ਮੌਸਮ ਖ਼ਰਾਬ ਹੋ ਗਿਆ ਸੀ। ਤੇਜ਼ ਹਵਾਵਾਂ ਚੱਲ ਰਹੀਆਂ ਸਨ। ਸੋਮਵਾਰ ਸਵੇਰੇ ਬੱਦਲਵਾਈ ਹੋਣ ਤੋਂ ਬਾਅਦ ਮੀਂਹ ਸ਼ੁਰੂ ਹੋ ਗਿਆ ਸੀ। ਮੀਂਹ ਦੇ ਨਾਲ-ਨਾਲ ਇੱਥੇ ਗੜੇ ਵੀ ਪਏ ਹਨ। ਇਸ ਕਾਰਨ ਤਾਪਮਾਨ 22 ਡਿਗਰੀ ਤੱਕ ਡਿੱਗ ਗਿਆ। ਇਸ ਦੌਰਾਨ ਇੱਕ ਕਿਸਾਨ ਨੇ ਦੱਸਿਆ ਕਿ ਕਰੀਬ 30 ਫੀਸਦੀ ਫਸਲ ਖਰਾਬ ਹੋ ਚੁੱਕੀ ਹੈ।
ਮੌਸਮ ਵਿਭਾਗ ਮੁਤਾਬਿਕ ਬੁੱਧਵਾਰ ਤੱਕ ਮੌਸਮ ਅਜਿਹਾ ਹੀ ਰਹੇਗਾ ਪਰ ਇਸ ਤੋਂ ਬਾਅਦ ਤਾਪਮਾਨ ‘ਚ ਹੌਲੀ-ਹੌਲੀ ਵਾਧਾ ਦੇਖਣ ਨੂੰ ਮਿਲੇਗਾ ਅਤੇ ਮੌਸਮ ਗਰਮ ਹੋ ਜਾਵੇਗਾ। ਮੌਸਮ ਵਿਭਾਗ ਅਨੁਸਾਰ ਬਾਰ-ਬਾਰ ਮੌਸਮ ‘ਚ ਬਦਲਾਅ ਆ ਰਿਹਾ ਹੈ, ਜਿਸ ਕਾਰਨ ਸਵੇਰੇ ਹਲਕੀ ਠੰਡ ਪੈ ਰਹੀ ਹੈ, ਜਦਕਿ ਦੁਪਹਿਰ ਸਮੇਂ ਪਸੀਨਾ ਭਰੀ ਗਰਮੀ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ। ਮੌਸਮ ਵਿਭਾਗ ਨੇ ਆਉਣ ਵਾਲੇ 2-3 ਦਿਨਾਂ ‘ਚ ਤੇਜ਼ ਹਵਾਵਾਂ ਦੇ ਨਾਲ ਹਲਕੀ ਬੂੰਦਾਬਾਂਦੀ ਦੀ ਸੰਭਾਵਨਾ ਵੀ ਪ੍ਰਗਟਾਈ ਹੈ।