ਤੂਫਾਨ ਈਸ਼ਾ ਨੇ ਬ੍ਰਿਟੇਨ ਅਤੇ ਆਇਰਲੈਂਡ ‘ਚ ਤਬਾਹੀ ਮਚਾ ਦਿੱਤੀ ਹੈ। ਇਸ ਤੂਫ਼ਾਨ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਕਈ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਹਵਾਈ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।ਤੂਫਾਨ ਈਸ਼ਾ ਕਾਰਨ ਪੱਛਮੀ ਯੂਰਪ ‘ਚ ਉਡਾਣਾਂ ਪ੍ਰਭਾਵਿਤ ਹੋ ਰਹੀਆਂ ਹਨ। ਦਰਜਨਾਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਦਕਿ ਕਈ ਉਡਾਣਾਂ ਦੇ ਰੂਟ ਬਦਲ ਦਿੱਤੇ ਗਏ ਹਨ। ਬੀਤੀ ਰਾਤ, ਆਇਰਲੈਂਡ ਅਤੇ ਯੂਕੇ ਤੋਂ ਯਾਤਰਾ ਕਰਨ ਵਾਲਿਆਂ ਲਈ ਹਵਾਈ ਯਾਤਰਾ ਇੱਕ ਸਮੱਸਿਆ ਬਣ ਗਈ. ਹਵਾਈ ਜਹਾਜ ‘ਚ ਬੈਠੇ ਯਾਤਰੀਆਂ ਲਈ ਇਹ ਫਲਾਈਟ ਇਕ ਅਭੁੱਲ ਸਫਰ ਬਣ ਗਈ, ਜਿਸ ਨੂੰ ਉਹ ਉਮਰ ਭਰ ਨਹੀਂ ਭੁੱਲ ਸਕਣਗੇ। ਆਇਰਲੈਂਡ ਅਤੇ ਬ੍ਰਿਟੇਨ ਦੇ ਹਵਾਈ ਅੱਡੇ ਤੂਫਾਨ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ, ਜਿਸ ਦੌਰਾਨ ਰਨਵੇਅ ‘ਤੇ 90 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ। ਜਿਸ ਕਾਰਨ ਪੱਛਮ ਵੱਲ ਜਾਣ ਵਾਲੇ ਕਈ ਜਹਾਜ਼ਾਂ ਨੂੰ ਯੂਰਪ ਵਿੱਚ ਸੁਰੱਖਿਅਤ ਉਤਾਰਿਆ ਗਿਆ। ਅਜਿਹੇ ‘ਚ ਯਾਤਰੀ ਆਪਣੀ ਮੰਜ਼ਿਲ ‘ਤੇ ਨਹੀਂ ਪਹੁੰਚ ਸਕੇ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਜਹਾਜ਼ ਨੇ ਕੈਨਰੀ ਟਾਪੂ ਦੇ ਲੈਂਜ਼ਾਰੋਟ ਤੋਂ ਡਬਲਿਨ ਲਈ ਉਡਾਣ ਭਰੀ ਸੀ, ਇਸ ਦੌਰਾਨ ਜਹਾਜ਼ ਆਇਰਲੈਂਡ ਦੀ ਰਾਜਧਾਨੀ ਦੇ ਨੇੜੇ ਆਇਆ, ਪਰ ਬਿਨਾਂ ਵਾਪਿਸ ਮੁੜਨ ਦੀ ਕੋਸ਼ਿਸ ਅਤੇ ਉਤਰਨ ਦੀ ਕੋਸ਼ਿਸ਼ ਕੀਤੇ, ਫਰਾਂਸ ਦੇ ਬਾਰਡੋ ਵੱਲ ਮੁੜਿਆ। ਰਿਆਨਏਅਰ ਦੀ ਇੱਕ ਹੋਰ ਫਲਾਈਟ ਨੇ ਮਾਨਚੈਸਟਰ ਤੋਂ ਡਬਲਿਨ ਲਈ ਉਡਾਣ ਭਰਨੀ ਸੀ, ਪਰ ਹੋਲਡਿੰਗ ਪੈਟਰਨ ਦੇ ਨੇੜੇ ਚੱਕਰ ਲਗਾਉਣ ਤੋਂ ਬਾਅਦ, ਇਸ ਨੇ ਡਬਲਿਨ ਵਿੱਚ ਉਤਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਹੋ ਸਕੀ, ਜਿਸ ਤੋਂ ਬਾਅਦ ਇਹ ਪੈਰਿਸ ਬੇਉਵੈਸ ਵੱਲ ਮੁੜ ਗਈ। ਜਿਸ ਫਲਾਈਟ ਨੂੰ ਅੱਧਾ ਘੰਟਾ ਲੱਗਣਾ ਸੀ, ਉਸ ਨੂੰ ਢਾਈ ਘੰਟੇ ਲੱਗ ਗਏ। ਇਸੇ ਤਰ੍ਹਾਂ ਕਈ ਹੋਰ ਉਡਾਣਾਂ ਵੀ ਆਪਣੀ ਮੰਜ਼ਿਲ ‘ਤੇ ਨਹੀਂ ਉਤਰ ਸਕੀਆਂ।