ਦੱਖਣੀ ਅਫਰੀਕਾ ਦੇ ਸਾਬਕਾ ਅੰਪਾਇਰ ਰੂਡੀ ਕੋਰਟਜ਼ੇਨ ਦਾ ਦਿਹਾਂਤ ਹੋ ਗਿਆ ਹੈ। 73 ਸਾਲਾ ਰੂਡੀ ਕੋਰਟਜ਼ੇਨ ਦੀ ਮੌਤ ਦਾ ਕਾਰਨ ਕਾਰ ਹਾਦਸਾ ਸੀ। ਸਥਾਨਕ ਖਬਰਾਂ ਮੁਤਾਬਿਕ ਰੂਡੀ ਕੋਰਟਜ਼ੇਨ ਕੇਪ ਟਾਊਨ ਤੋਂ ਨੈਲਸਨ ਮੰਡੇਲਾ ਬੇ ਸਥਿਤ ਆਪਣੇ ਘਰ ਪਰਤ ਰਹੇ ਸੀ। ਇਸ ਦੌਰਾਨ ਉਹ ਜਿਸ ਕਾਰ ਵਿੱਚ ਜਾ ਰਹੇ ਸੀ, ਉਸ ਦੌਰਾਨ ਉਨ੍ਹਾਂ ਦੀ ਸਾਹਮਣੇ ਤੋਂ ਆ ਰਹੇ ਇੱਕ ਹੋਰ ਵਾਹਨ ਨਾਲ ਟੱਕਰ ਹੋ ਗਈ। ਇਹ ਹਾਦਸਾ ਮੰਗਲਵਾਰ ਸਵੇਰੇ ਰਿਵਰਸਡੇਲ ਨਾਂ ਦੇ ਇਲਾਕੇ ‘ਚ ਵਾਪਰਿਆ। ਕੋਰਟਜਾਨ ਤੋਂ ਇਲਾਵਾ ਇਸ ਹਾਦਸੇ ‘ਚ ਦੋ ਹੋਰ ਲੋਕਾਂ ਦੀ ਵੀ ਮੌਤ ਹੋ ਗਈ ਹੈ।
ਰੂਡੀ ਕੋਰਟਜ਼ੇਨ ਨੂੰ ਦੁਨੀਆ ਦੇ ਸਭ ਤੋਂ ਵਧੀਆ ਅੰਪਾਇਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹ ਕਈ ਸਾਲਾਂ ਤੋਂ ਆਈਸੀਸੀ ਅੰਪਾਇਰਾਂ ਦੇ elite ਪੈਨਲ ਵਿੱਚ ਸ਼ਾਮਿਲ ਸੀ। ਰੂਡੀ ਦੀ ਬੇਵਕਤੀ ਮੌਤ ਦੀ ਖਬਰ ਨਾਲ ਕ੍ਰਿਕਟ ਜਗਤ ‘ਚ ਸੋਗ ਦੀ ਲਹਿਰ ਹੈ। ਰੂਡੀ ਦੇ ਸਨਮਾਨ ‘ਚ ਦੱਖਣੀ ਅਫਰੀਕਾ ਦੀ ਕ੍ਰਿਕਟ ਟੀਮ ਹੁਣ ਅਗਲੇ ਕੌਮਾਂਤਰੀ ਮੈਚ ‘ਚ ਕਾਲੀ ਪੱਟੀ ਬੰਨ੍ਹ ਕੇ ਮੈਦਾਨ ‘ਤੇ ਉਤਰੇਗੀ। ਉਸ ਦੇ ਪੁੱਤਰ ਰੂਡੀ ਕੋਰਟਜ਼ੇਨ ਜੂਨੀਅਰ ਨੇ ਇੱਕ ਚੈੱਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਦੇ ਪਿਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।