ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਨਾਟੋ ਦੀ ਮੈਂਬਰਸ਼ਿਪ ਲਈ ਅਰਜ਼ੀ ਦੇਵੇਗਾ। ਜ਼ੇਲੇਨਸਕੀ ਨੇ ਕਿਹਾ ਕਿ ਕੀਵ ਨੇ ਨਾਟੋ ਨੂੰ ਤੁਰੰਤ ਮੈਂਬਰਸ਼ਿਪ ਲਈ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਵਲਾਦੀਮੀਰ ਪੁਤਿਨ ਸੱਤਾ ਵਿੱਚ ਹਨ, ਯੂਕਰੇਨ ਰੂਸ ਨਾਲ ਗੱਲ ਨਹੀਂ ਕਰੇਗਾ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਸ਼ੁੱਕਰਵਾਰ (30 ਸਤੰਬਰ) ਨੂੰ ਕਿਹਾ ਕਿ ਕੀਵ ਨਾਟੋ ਦੀ ਫਾਸਟ ਟਰੈਕ ਮੈਂਬਰਸ਼ਿਪ ਲਈ ਜ਼ੋਰ ਦੇ ਰਿਹਾ ਹੈ। ਨਾਟੋ ਦੀ ਮੈਂਬਰਸ਼ਿਪ ਨੂੰ ਲੈ ਕੇ ਜ਼ੇਲੇਨਸਕੀ ਦਾ ਇਹ ਬਿਆਨ ਰੂਸ ਵੱਲੋਂ ਯੂਕਰੇਨ ਦੇ ਚਾਰ ਹਿੱਸਿਆਂ-ਲੁਹਾਨਸਕ, ਡੋਨੇਟਸਕ, ਜ਼ਪੋਰਿਜ਼ੀਆ ਅਤੇ ਖੇਰਸਨ ਨੂੰ ਰੂਸ ਵਿੱਚ ਸ਼ਾਮਿਲ ਕਰਨ ਦੇ ਐਲਾਨ ਤੋਂ ਬਾਅਦ ਆਇਆ ਹੈ।
ਯੂਕਰੇਨ ਦੇ ਰਾਸ਼ਟਰਪਤੀ ਦੁਆਰਾ ਸੋਸ਼ਲ ਮੀਡੀਆ ‘ਤੇ ਪੋਸਟ ਕੀਤੇ ਗਏ ਇੱਕ ਵੀਡੀਓ ਵਿੱਚ, ਜ਼ੇਲੇਨਸਕੀ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ ਕਿ, “ਅਸੀਂ ਪਹਿਲਾਂ ਹੀ ਗਠਜੋੜ ਦੇ ਮਾਪਦੰਡਾਂ ਨਾਲ ਆਪਣੀ ਅਨੁਕੂਲਤਾ ਸਾਬਿਤ ਕਰ ਚੁੱਕੇ ਹਾਂ। ਅਸੀਂ ਨਾਟੋ ਵਿੱਚ ਮਿਲਣ ਲਈ ਅਰਜ਼ੀ ‘ਤੇ ਦਸਤਖਤ ਕਰਕੇ ਇੱਕ ਨਿਰਣਾਇਕ ਕਦਮ ਚੁੱਕ ਰਹੇ ਹਾਂ। ਸ਼ੁੱਕਰਵਾਰ ਨੂੰ ਹੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕ੍ਰੇਮਲਿਨ ‘ਚ ਆਯੋਜਿਤ ਇੱਕ ਸਮਾਗਮ ‘ਚ ਯੂਕਰੇਨ ਦੇ ਚਾਰ ਹਿੱਸਿਆਂ ਨੂੰ ਰੂਸ ‘ਚ ਰਲੇਵੇਂ ਦਾ ਐਲਾਨ ਕੀਤਾ ਅਤੇ ਨਾਲ ਹੀ ਕਿਹਾ ਕਿ ਕੀਵ ਤੁਰੰਤ ਪ੍ਰਭਾਵ ਨਾਲ ਫੌਜੀ ਕਾਰਵਾਈ ਰੋਕ ਕੇ ਗੱਲਬਾਤ ਦੀ ਮੇਜ਼ ‘ਤੇ ਆਵੇ। ਪੁਤਿਨ ਨੇ ਚਾਰੇ ਹਿੱਸਿਆਂ ਦੇ ਲੋਕਾਂ ਨੂੰ ਰੂਸੀ ਨਾਗਰਿਕ ਦੱਸਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਹਿੱਸਿਆਂ ਵਿੱਚ ਰਹਿਣ ਵਾਲੇ ਸਾਰੇ ਭੈਣ-ਭਰਾ ਇੱਕ ਲੋਕ ਹਨ। ਉਨ੍ਹਾਂ ਇਹ ਵੀ ਕਿਹਾ ਕਿ ਰੂਸ ਸੋਵੀਅਤ ਸੰਘ ਦਾ ਮੁੜ ਗਠਨ ਨਹੀਂ ਕਰਨ ਜਾ ਰਿਹਾ ਹੈ ਪਰ ਯੂਕਰੇਨ ਨੂੰ ਰਲੇਵੇਂ ਵਾਲੇ ਹਿੱਸੇ ਵਾਪਿਸ ਨਹੀਂ ਦੇਵੇਗਾ।