ਪਿਛਲੇ ਤਿੰਨ ਮਹੀਨਿਆਂ ਤੋਂ ਭਿਆਨਕ ਯੁੱਧ ਦਾ ਸਾਹਮਣਾ ਕਰ ਰਹੇ ਯੂਕਰੇਨ ਲਈ ਐਤਵਾਰ ਰਾਤ ਨੂੰ ਵੱਡੀ ਉਮੀਦ ਟੁੱਟ ਗਈ। ਉਮੀਦ ਇਸ ਸਾਲ ਦੇ ਅੰਤ ਵਿੱਚ ਕਤਰ ਵਿੱਚ ਹੋਣ ਵਾਲੇ ਫੀਫਾ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਦੀ ਸੀ। ਪਿਛਲੇ ਮਹੀਨਿਆਂ ‘ਚ ਹੋਈਆਂ ਸਾਰੀਆਂ ਮਾੜੀਆਂ ਘਟਨਾਵਾਂ ਵਿਚਾਲੇ ਯੂਕਰੇਨ ਦੇ ਲੋਕਾਂ ‘ਚ ਇਹ ਉਤਸ਼ਾਹ ਸੀ ਕਿ ਉਨ੍ਹਾਂ ਦੀ ਟੀਮ ਵਿਸ਼ਵ ਕੱਪ ‘ਚ ਪਹੁੰਚਣ ਦੇ ਕਾਫੀ ਨੇੜੇ ਹੈ ਪਰ ਵੇਲਜ਼ ਨੇ ਆਖਰੀ ਸਮੇਂ ‘ਤੇ ਯੂਕਰੇਨ ਦਾ ਉਤਸ਼ਾਹ ਤੇ ਉਮੀਦ ਖਤਮ ਕਰ ਦਿੱਤੀ।
ਫੀਫਾ ਵਿਸ਼ਵ ਕੱਪ 2022 ਲਈ ਖੇਡੇ ਜਾ ਰਹੇ ਯੂਈਫਾ ਕੁਆਲੀਫਾਇੰਗ ਪਲੇਆਫ ਮੈਚਾਂ ਵਿੱਚ ਯੂਕਰੇਨ ਦੀ ਟੀਮ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਫਾਈਨਲ ਵਿੱਚ ਥਾਂ ਬਣਾਈ ਹੈ। ਉਹ ਵਿਸ਼ਵ ਕੱਪ ਵਿੱਚ ਪਹੁੰਚਣ ਤੋਂ ਸਿਰਫ਼ ਇੱਕ ਕਦਮ ਦੂਰ ਸੀ। ਪਲੇਆਫ ਫਾਈਨਲ ਵਿੱਚ ਉਨ੍ਹਾਂ ਦਾ ਸਾਹਮਣਾ ਵੇਲਜ਼ ਨਾਲ ਹੋਇਆ ਸੀ। ਇਸ ਮੈਚ ਦੇ 34ਵੇਂ ਮਿੰਟ ‘ਚ ਯੂਕਰੇਨ ਦੇ ਖਿਡਾਰੀ ਐਂਡਰੀਵ ਯਾਰਮੋਲੇਂਕੋ ਨੇ ਗਲਤੀ ਨਾਲ ਫੁੱਟਬਾਲ ਨੂੰ ਆਪਣੇ ਹੀ ਗੋਲ ਪੋਸਟ ‘ਤੇ ਭੇਜ ਦਿੱਤਾ। ਯੂਕਰੇਨ ਦੀ ਟੀਮ ਵੇਲਜ਼ ਨੂੰ ਮਿਲੀ ਇਸ ਬੜ੍ਹਤ ਨੂੰ ਆਖਰੀ ਦਮ ਤੱਕ ਕਵਰ ਨਹੀਂ ਕਰ ਸਕੀ ਅਤੇ ਮੈਚ 1-0 ਨਾਲ ਹਾਰ ਗਈ। ਇਸ ਨਾਲ ਯੂਕਰੇਨ ਦਾ ਵਿਸ਼ਵ ਕੱਪ ਤੱਕ ਪਹੁੰਚਣ ਦਾ ਸੁਪਨਾ ਚਕਨਾਚੂਰ ਹੋ ਗਿਆ।
ਜਿੱਥੇ ਇਹ ਰਾਤ ਯੂਕਰੇਨ ਲਈ ਕਿਸੇ ਡਰਾਉਣੇ ਸੁਪਨੇ ਤੋਂ ਘੱਟ ਨਹੀਂ ਸੀ, ਉੱਥੇ ਹੀ ਦੂਜੇ ਪਾਸੇ ਵੇਲਜ਼ ਨੂੰ ਫੁੱਟਬਾਲ ‘ਚ ਇੰਨੀ ਵੱਡੀ ਉਪਲਬਧੀ ਦਹਾਕਿਆਂ ਬਾਅਦ ਹਾਸਿਲ ਹੋਈ ਹੈ। ਵੇਲਜ਼ ਨੂੰ 64 ਸਾਲ ਬਾਅਦ ਵਿਸ਼ਵ ਕੱਪ ‘ਚ ਐਂਟਰੀ ਮਿਲੀ ਹੈ। ਵੇਲਜ਼ ਦੀ ਟੀਮ ਨੇ ਆਖਰੀ ਵਾਰ 1958 ਵਿੱਚ ਵਿਸ਼ਵ ਕੱਪ ਖੇਡਿਆ ਸੀ।