ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਭਾਰਤੀ ਜੇਲ੍ਹ ਵਿੱਚ ਬੰਦ ਇੱਕ ਬ੍ਰਿਟਿਸ਼-ਸਿੱਖ ਕਾਰਕੁਨ ਦੀ ਨਜ਼ਰਬੰਦੀ ਨੂੰ ‘ਮਨਮਾਨੀ’ ਕਰਾਰ ਦਿੱਤਾ ਹੈ। ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ 2017 ਤੋਂ ਭਾਰਤੀ ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਜੌਹਲ ਦੇ ਮਾਮਲੇ ‘ਚ ਇਹ ਬਿਆਨ ਦਿੱਤਾ ਹੈ। ਜੱਗੀ ਜੌਹਲ ‘ਤੇ ਹਿੰਦੂ ਨੇਤਾਵਾਂ ਦੀ ਟਾਰਗੇਟ ਕਿਲਿੰਗ ‘ਚ ਸ਼ਾਮਿਲ ਹੋਣ ਦਾ ਦੋਸ਼ ਹੈ। ਬੋਰਿਸ ਜੌਨਸਨ ਨੇ ਪਹਿਲੀ ਵਾਰ ਲੇਬਰ ਨੇਤਾ ਸਰ ਕੀਰ ਸਟਾਰਮਰ ਨੂੰ ਲਿਖੀ ਚਿੱਠੀ ਵਿੱਚ ਇਸ ਸ਼ਬਦ ਦੀ ਵਰਤੋਂ ਕੀਤੀ। ਜੌਹਲ ਦਾ ਪਰਿਵਾਰ ਇਸ ਨੂੰ ਵੱਡੀ ਕਾਮਯਾਬੀ ਵਜੋਂ ਦੇਖ ਰਿਹਾ ਹੈ।
ਦੱਸ ਦਈਏ ਕਿ ਜਗਤਾਰ ਸਿੰਘ ਜੌਹਲ ਉਰਫ ਜੱਗੀ ਜੌਹਲ ਨੂੰ ਪੰਜਾਬ ਪੁਲਿਸ ਨੇ 4 ਨਵੰਬਰ 2017 ਨੂੰ ਜਲੰਧਰ ਤੋਂ ਗ੍ਰਿਫਤਾਰ ਕੀਤਾ ਸੀ। ਫਿਲਹਾਲ ਉਹ ਦਿੱਲੀ ਦੀ ਤਿਹਾੜ ਜੇਲ ‘ਚ ਬੰਦ ਹੈ ਅਤੇ ਉਸ ‘ਤੇ ਕਿਸੇ ਵੀ ਦੋਸ਼ ‘ਚ ਮੁਕੱਦਮਾ ਨਹੀਂ ਚਲਾਇਆ ਗਿਆ ਹੈ। ਕੌਮੀ ਜਾਂਚ ਏਜੰਸੀ (ਐਨਆਈਏ) ਜੌਹਲ ਖ਼ਿਲਾਫ਼ ਅੱਠ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਆਪਣੇ ਪੱਤਰ ਵਿੱਚ ਅੱਗੇ ਕਿਹਾ ਕਿ ਬ੍ਰਿਟੇਨ ਦੇ ਮੰਤਰੀਆਂ ਨੇ ਅਤੇ ਅਧਿਕਾਰੀਆਂ ਨੇ ਇਹ ਮਸਲਾ ਸਿੱਧੇ ਤੌਰ ‘ਤੇ ਲਗਭਗ ਸੌ ਵਾਰ ਭਾਰਤ ਸਰਕਾਰ ਕੋਲ ਚੁੱਕਿਆ ਹੈ। ਬੌਰਿਸ ਜੌਨਸਨ ਦਾ ਇਹ ਬਿਆਨ ਇਸ ਗੱਲੋਂ ਅਹਿਮੀਅਤ ਰੱਖਦਾ ਹੈ ਕਿ ਕਿਸੇ ਨੂੰ ਮਨਮੰਨੇ ਢੰਗ ਨਾਲ ਕੈਦ ਰੱਖਣ ਦਾ ਮਤਲਬ ਹੈ ਕਿ ਉਸ ਖਿਲਾਫ਼ ਕੋਈ ਪੁਖਤਾ ਕਾਨੂੰਨੀ ਅਧਾਰ ਨਹੀਂ ਹੈ।