ਯੂਕੇ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਅੰਮ੍ਰਿਤਸਰ ਏਅਰਪੋਰਟ ‘ਤੇ ਰੋਕੇ ਜਾਣ ‘ਤੇ ਗੁੱਸੇ ‘ਚ ਹਨ। ਢੇਸੀ ਨੇ ਕਿਹਾ ਕਿ ਮੈਂ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਸੀ ਅਤੇ ਹਮੇਸ਼ਾ ਮਨੁੱਖੀ ਅਧਿਕਾਰਾਂ ਲਈ ਆਵਾਜ਼ ਉਠਾਉਂਦਾ ਰਿਹਾ ਹਾਂ। ਮੈਂ ਹਮੇਸ਼ਾ ਪੰਜਾਬੀਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਹੈ। ਇਸੇ ਕਾਰਨ ਮੈਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਰੋਕ ਕੇ ਦੋ ਘੰਟੇ ਪੁੱਛ-ਪੜਤਾਲ ਕੀਤੀ ਗਈ। ਮੇਰੇ ਸਮਰਥਕਾਂ, ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀ ਦੋਸਤਾਂ ਦੇ ਸਮਰਥਨ ਕਾਰਨ ਮੈਨੂੰ ਜਾਣ ਦਿੱਤਾ ਗਿਆ।
ਢੇਸੀ ਨੇ ਖੁਦ ਨੂੰ ਏਅਰਪੋਰਟ ‘ਤੇ ਰੋਕੇ ਜਾਣ ਬਾਰੇ ਸੋਸ਼ਲ ਮੀਡੀਆ ‘ਤੇ ਸੰਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮੈਂ ਪਿਛਲੀ ਵਾਰ ਭਾਰਤ ਆਇਆ ਸੀ ਤਾਂ ਸਾਰਿਆਂ ਨੇ ਮੈਨੂੰ ਬਹੁਤ ਪਿਆਰ ਅਤੇ ਮਹਿਮਾਨਨਿਵਾਜ਼ੀ ਦਿੱਤੀ ਸੀ। ਮੇਰੀ ਬਹੁਤ ਸਨਮਾਨ ਕੀਤਾ ਸੀ। ਜ਼ਿਕਰਯੋਗ ਹੈ ਕਿ ਯੂਕੇ ਦੇ ਸੰਸਦ ਮੈਂਬਰ ਢੇਸੀ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਵੀਰਵਾਰ ਸਵੇਰੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਰੋਕ ਲਿਆ ਸੀ। ਉਹ ਏਅਰ ਇੰਡੀਆ ਦੀ ਫਲਾਈਟ ਨੰਬਰ AI-118 ਰਾਹੀਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚੇ ਸੀ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕਰੀਬ ਦੋ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਜਾਣ ਦਿੱਤਾ।
ਇਮੀਗ੍ਰੇਸ਼ਨ ਅਧਿਕਾਰੀਆਂ ਨੇ ਸੰਸਦ ਮੈਂਬਰ ਦੇ ਦਸਤਾਵੇਜ਼ਾਂ ਦੀ ਜਾਂਚ ਕਰਨ ‘ਤੇ ਪਾਇਆ ਕਿ ਉਨ੍ਹਾਂ ਕੋਲ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਕਾਰਡ ਨਹੀਂ ਹੈ। ਇਸ ਕਾਰਨ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕ ਲਿਆ ਸੀ। ਕਰੀਬ ਦੋ ਘੰਟੇ ਬਾਅਦ ਢੇਸੀ ਦੇ ਦਸਤਾਵੇਜ਼ ਮੁਕੰਮਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਵਾਈ ਅੱਡੇ ਤੋਂ ਬਾਹਰ ਜਾਣ ਦਿੱਤਾ ਗਿਆ ਸੀ।