ਅਫਰੀਕੀ ਦੇਸ਼ ਯੂਗਾਂਡਾ ‘ਚ ਇੱਕ ਸਕੂਲ ‘ਤੇ ਸ਼ੱਕੀ ਅੱਤਵਾਦੀਆਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਤੋਂ ਬਾਅਦ ਮੌਕੇ ਤੋਂ 41 ਲਾਸ਼ਾਂ ਬਰਾਮਦ ਹੋਈਆਂ ਹਨ। ਇਸ ਵਹਿਸ਼ੀ ਹਮਲੇ ਵਿੱਚ ਬਰਾਮਦ ਹੋਈਆਂ ਲਾਸ਼ਾਂ ਵਿੱਚੋਂ 38 ਵਿਦਿਆਰਥੀਆਂ ਦੀਆਂ ਹਨ। ਇਹ ਹਮਲਾ ਯੁਗਾਂਡਾ ਦੀ ਸਰਹੱਦ ‘ਤੇ ਮਪੋਂਡਵੇ ਸ਼ਹਿਰ ‘ਚ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਅਲਾਇਡ ਡੈਮੋਕ੍ਰੇਟਿਕ ਫੋਰਸਿਜ਼ (ਏ.ਡੀ.ਐੱਫ.) ਨੇ ਸ਼ੁੱਕਰਵਾਰ ਨੂੰ ਮਪੋਂਡਵੇ ਸ਼ਹਿਰ ਦੇ ਲੁਬਿਰਿਹਾ ਸੈਕੰਡਰੀ ਸਕੂਲ ‘ਤੇ ਹਮਲਾ ਕੀਤਾ ਹੈ। ADF ਗੁਆਂਢੀ ਦੇਸ਼ ਕਾਂਗੋ ਦੇ ਪੂਰਬੀ ਹਿੱਸੇ ਵਿੱਚ ਆਪਣੇ ਬੇਸ ਤੋਂ ਸਾਲਾਂ ਤੋਂ ਹਮਲੇ ਕਰ ਰਿਹਾ ਹੈ।
ਮਪੋਂਡਵੇ ਦੇ ਮੇਅਰ ਸੇਲਵੈਸਟ ਮਾਪੋਸ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ 38 ਵਿਦਿਆਰਥੀ ਸ਼ਾਮਿਲ ਹਨ। ਇਸ ਤੋਂ ਇਲਾਵਾ ਇੱਕ ਗਾਰਡ ਅਤੇ ਸਥਾਨਕ ਭਾਈਚਾਰੇ ਦੇ ਦੋ ਲੋਕਾਂ ਦੀ ਵੀ ਮੌਤ ਹੋ ਗਈ ਹੈ। ਇਨ੍ਹਾਂ ਸਾਰਿਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਪੁਲਿਸ ਨੇ ਹਮਲੇ ਲਈ ਸਿੱਧੇ ਤੌਰ ‘ਤੇ ਅਲਾਈਡ ਡੈਮੋਕ੍ਰੇਟਿਕ ਫੋਰਸ (ਏਡੀਐਫ) ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਏਡੀਐਫ ਦੇ ਲੜਾਕਿਆਂ ਨੇ ਸਕੂਲ ‘ਤੇ ਵੀ ਹਮਲਾ ਕੀਤਾ ਸੀ। ਜਿਸ ਸਕੂਲ ‘ਤੇ ਹਮਲਾ ਕੀਤਾ ਗਿਆ, ਉਹ ਯੂਗਾਂਡਾ ਦੇ ਕਾਸੇਸੇ ਜ਼ਿਲ੍ਹੇ ਦਾ ਹੈ, ਜੋ ਕਿ ਕਾਂਗੋਲੀ ਸਰਹੱਦ ਤੋਂ 2 ਕਿਲੋਮੀਟਰ ਦੂਰ ਸਥਿਤ ਹੈ। ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇੱਕ ਹੋਸਟਲ ਨੂੰ ਅੱਗ ਲਗਾ ਦਿੱਤੀ ਗਈ ਸੀ ਅਤੇ ਇੱਕ ਭੋਜਨ ਸਟੋਰ ਨੂੰ ਲੁੱਟਿਆ ਗਿਆ ਸੀ।