ਸਾਊਦੀ ਅਰਬ ਅਤੇ ਯੂਏਈ ਵਿੱਚ ਮੌਸਮ ਦਾ ਕਹਿਰ ਰੁਕਣ ਦਾ ਕੋਈ ਨਾਮ ਨਹੀਂ ਲੈ ਰਿਹਾ। ਵੀਰਵਾਰ ਨੂੰ ਫਿਰ ਤੋਂ ਤੇਜ਼ ਤੂਫਾਨ ਦੇ ਨਾਲ ਮੀਂਹ ਸ਼ੁਰੂ ਹੋਣ ਤੋਂ ਬਾਅਦ, ਯੂਏਈ ਪ੍ਰਸ਼ਾਸਨ ਨੇ ਦੇਸ਼ ਭਰ ਵਿੱਚ ਆਰੇਂਜ ਅਲਰਟ ਜਾਰੀ ਕੀਤਾ ਹੈ। ਭਾਰੀ ਮੀਂਹ ਕਾਰਨ ਸੜਕਾਂ ਪਾਣੀ ਨਾਲ ਭਰ ਗਈਆਂ ਹਨ। ਕਈ ਥਾਵਾਂ ‘ਤੇ ਬਿਜਲੀ ਵੀ ਪ੍ਰਭਾਵਿਤ ਹੋਈ ਹੈ। ਵੀਰਵਾਰ ਸਵੇਰ ਹੁੰਦੇ ਹੀ ਯੂਏਈ ਦੇ ਲੋਕਾਂ ਨੂੰ ਭਾਰੀ ਮੀਂਹ ਦਾ ਸਾਹਮਣਾ ਕਰਨਾ ਪਿਆ। ਭਾਰੀ ਮੀਂਹ ਅਤੇ ਤੂਫ਼ਾਨ ਕਾਰਨ ਬਹੁਤ ਸਾਰੇ ਲੋਕ ਆਪਣੇ ਦਫ਼ਤਰ ਨਹੀਂ ਜਾ ਸਕੇ। ਇਸ ਤੋਂ ਇਲਾਵਾ ਸਕੂਲੀ ਬੱਚੇ ਵੀ ਇਸ ਮੀਂਹ ਨਾਲ ਪ੍ਰਭਾਵਿਤ ਹੋਏ ਹਨ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ ਕਿ ਸੜਕਾਂ ‘ਤੇ ਪਾਣੀ ਭਰ ਜਾਣ ਕਾਰਨ ਕਈ ਵਾਹਨ ਸੜਕ ਦੇ ਵਿਚਕਾਰ ਹੀ ਫਸ ਗਏ ਹਨ।
ਕੁੱਝ ਦਿਨ ਪਹਿਲਾਂ ਯੂਏਈ ਦੇ ਮੌਸਮ ਵਿਭਾਗ ਨੇ ਮੌਸਮ ਖ਼ਰਾਬ ਹੋਣ ਦੀ ਚੇਤਾਵਨੀ ਦਿੱਤੀ ਸੀ। 2 ਮਈ ਤੋਂ ਕੱਲ੍ਹ ਯਾਨੀ 3 ਮਈ ਤੱਕ ਮੌਸਮ ਦੇ ਖ਼ਰਾਬ ਰਹਿਣ ਦੀ ਸੰਭਾਵਨਾ ਹੈ। ਯੂਏਈ ਸਰਕਾਰ ਨੇ ਸਾਰੇ ਖੇਤਰਾਂ ਵਿੱਚ ਸੁਰੱਖਿਆ ਸਲਾਹ ਜਾਰੀ ਕੀਤੀ ਹੈ। ਸਕੂਲਾਂ ਅਤੇ ਕੰਪਨੀਆਂ ਨੂੰ ਆਨਲਾਈਨ ਕਲਾਸਾਂ ਲਗਾਉਣ ਅਤੇ ਘਰ ਤੋਂ ਕੰਮ ਕਰਨ ਲਈ ਕਿਹਾ ਗਿਆ ਹੈ। ਪਾਰਕ ਅਤੇ ਬੀਚ ਬੰਦ ਕਰ ਦਿੱਤੇ ਗਏ ਹਨ। ਬੱਸ ਸੇਵਾਵਾਂ ਅਤੇ ਏਅਰਲਾਈਨਾਂ ਵੀ ਪ੍ਰਭਾਵਿਤ ਹੋਈਆਂ ਹਨ। ਨੈਸ਼ਨਲ ਸੈਂਟਰ ਆਫ਼ ਮੈਟਰੋਲੋਜੀ (ਐਨਐਸਐਮ) ਦੁਆਰਾ ਜਾਰੀ ਅਲਰਟ ਦੇ ਅਨੁਸਾਰ, ਅੱਧੀ ਰਾਤ ਤੋਂ ਦੇਸ਼ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਦੁਬਈ ਵਿੱਚ ਤੜਕੇ 2.35 ਵਜੇ ਤੋਂ ਮੀਂਹ ਅਤੇ ਬਿਜਲੀ ਡਿੱਗਣ ਦੀਆਂ ਖਬਰਾਂ ਹਨ। ਭਾਵੇਂ ਇਹ ਮੀਂਹ ਮਹੀਨੇ ਦੇ ਸ਼ੁਰੂ ਵਿੱਚ ਪਏ ਮੀਂਹ ਨਾਲੋਂ ਘੱਟ ਖ਼ਤਰਨਾਕ ਹੋਣ ਦੀ ਸੰਭਾਵਨਾ ਹੈ, ਪਰ ਜਨਤਾ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ।