ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਕੋਠੀ ਦੇ ਰਹਿਣ ਵਾਲੇ ਸਚਿਨ ਭਾਟੀਆ (26) ਦੀ ਕੈਨੇਡਾ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਤੇਜ਼ ਬੁਖਾਰ ਤੋਂ ਬਾਅਦ ਸਚਿਨ ਦੀ ਸਿਹਤ ਵਿਗੜ ਗਈ ਸੀ। ਇਸ ਤੋਂ ਬਾਅਦ ਸਚਿਨ ਦੀ ਮੌਤ ਹੋ ਗਈ। ਸਚਿਨ ਭਾਟੀਆ ਪਿਛਲੇ ਚਾਰ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਸੀ। ਪੁੱਤਰ ਦੀ ਮੌਤ ਦੀ ਖ਼ਬਰ ਨਾਲ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕ ਦੇ ਪਿਤਾ ਬਿਸ਼ਨ ਦਾਸ ਨੇ ਦੱਸਿਆ ਕਿ ਸਚਿਨ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਸਚਿਨ ਉੱਚ ਸਿੱਖਿਆ ਹਾਸਿਲ ਕਰਨ ਲਈ 2019 ਵਿੱਚ ਕੈਨੇਡਾ ਗਿਆ ਸੀ।
ਉੱਥੇ ਹੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਸੀਕਰੀ ਨਾਲ ਸਬੰਧਿਤ ਇੱਕ ਨੌਜਵਾਨ ਦੀ ਕੈਨੇਡਾ ਦੀ ਝੀਲ ਵਿੱਚ ਡੁੱਬਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਟਾਂਡਾ ਦੇ ਪਿੰਡ ਸੀਕਰੀ ਦਾ ਰਹਿਣ ਵਾਲਾ ਨੌਜਵਾਨ ਅਕਾਸ਼ਦੀਪ ਕਰੀਬ ਪੰਜ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ। ਉਸ ਨੂੰ ਕਰੀਬ 10 ਦਿਨ ਪਹਿਲਾਂ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ (ਪੀ.ਆਰ.) ਮਿਲੀ ਸੀ। ਇਸ ਦਾ ਜਸ਼ਨ ਮਨਾਉਣ ਲਈ ਉਹ ਚਾਰ ਦਿਨ ਪਹਿਲਾਂ ਆਪਣੇ ਕੁੱਝ ਦੋਸਤਾਂ ਨਾਲ ਕੈਨੇਡਾ ਦੇ ਓਨਟਾਰੀਓ ਸੂਬੇ ਦੀ ਪੋਰਟ ਪੇਰੀ ਝੀਲ ‘ਤੇ ਗਿਆ ਸੀ, ਜਿੱਥੇ ਪਾਣੀ ‘ਚ ਡੁੱਬਣ ਕਾਰਨ ਅਕਾਸ਼ਦੀਪ ਦੀ ਮੌਤ ਹੋ ਗਈ ਸੀ। ਅਕਾਸ਼ਦੀਪ ਦੀ ਲਾਸ਼ ਦੋ ਦਿਨ ਪਹਿਲਾਂ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਝੀਲ ਵਿੱਚੋਂ ਮਿਲੀ ਸੀ। ਮ੍ਰਿਤਕ ਦੀ ਉਮਰ 27 ਸਾਲ ਦੱਸੀ ਜਾ ਰਹੀ ਹੈ। ਅਕਾਸ਼ਦੀਪ ਦੀ ਮਾਂ ਜਤਿੰਦਰ ਕੌਰ ਆਪਣੇ ਮਾਪਿਆਂ ਨਾਲ ਰਹਿੰਦੀ ਹੈ। ਆਕਾਸ਼ਦੀਪ ਉਸ ਦਾ ਇਕਲੌਤਾ ਪੁੱਤਰ ਸੀ।