ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਸਬ ਡਵੀਜ਼ਨ ਦੇ ਪਿੰਡ ਟੇਰਕੀਆਣਾ ਦੇ ਦੋ ਨੌਜਵਾਨਾਂ ਦੀ ਅਮਰੀਕਾ ਵਿੱਚ ਇੱਕ ਹਾਦਸੇ ਵਿੱਚ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਨੌਜਵਾਨ ਦੋ ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਅਮਰੀਕਾ ਗਏ ਸੀ। ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਸੁਖਜਿੰਦਰ ਸਿੰਘ (23) ਪੁੱਤਰ ਸਰੂਪ ਸਿੰਘ ਵਜੋਂ ਹੋਈ ਹੈ। ਦੂਜਾ ਨੌਜਵਾਨ ਸਿਮਰਨਜੀਤ ਸਿੰਘ (23) ਪੁੱਤਰ ਰਵਿੰਦਰ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਦੋਵੇਂ ਨੌਜਵਾਨ ਅਮਰੀਕਾ ‘ਚ ਇਕੱਠੇ ਟਰੇਲਰ ਚਲਾਉਂਦੇ ਸਨ ਅਤੇ ਕੈਲੀਫੋਰਨੀਆ ਤੋਂ ਨਿਊ ਮੈਕਸੀਕੋ ਜਾ ਰਹੇ ਸਨ। ਜਦੋਂ ਉਹ ਹਾਈਵੇਅ ਨੰਬਰ 144 ‘ਤੇ ਪਹੁੰਚੇ ਤਾਂ ਗਲਤ ਸਾਈਡ ਤੋਂ ਆ ਰਹੇ ਟਰਾਲੇ ਨਾਲ ਹਾਦਸਾ ਵਾਪਰ ਗਿਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਰੀਬ ਛੇ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਉਨ੍ਹਾਂ ਨੂੰ ਬੁਰੀ ਤਰ੍ਹਾਂ ਨੁਕਸਾਨੇ ਟਰਾਲੇ ਵਿੱਚੋਂ ਬਾਹਰ ਕੱਢਿਆ ਜਾ ਸਕਿਆ। ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਸੁਖਜਿੰਦਰ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਸ ਦੇ ਪਿਤਾ ਕਿਸਾਨ ਹਨ। ਸਿਮਰਨਜੀਤ ਸਿੰਘ ਦੇ ਪਿਤਾ ਵੀ ਕਿਸਾਨ ਹਨ। ਸਿਮਰਨਜੀਤ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਪਰਿਵਾਰਕ ਮੈਂਬਰਾਂ ਮੁਤਾਬਿਕ ਵੀਰਵਾਰ ਰਾਤ ਉਨ੍ਹਾਂ ਨੂੰ ਫੋਨ ਆਇਆ ਕਿ ਦੋਵਾਂ ਦੀ ਹਾਦਸੇ ‘ਚ ਮੌਤ ਹੋ ਗਈ ਹੈ। ਇਸ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਮ੍ਰਿਤਕ ਦੇਹਾਂ ਨੂੰ ਉਨ੍ਹਾਂ ਦੇ ਜੱਦੀ ਪਿੰਡ ਲਿਆਂਦਾ ਜਾਵੇ ਤਾਂ ਜੋ ਉਹ ਆਪਣੇ ਪੁੱਤਰਾਂ ਦਾ ਅੰਤਿਮ ਸੰਸਕਾਰ ਆਪਣੇ ਹੱਥਾਂ ਨਾਲ ਕਰ ਸਕਣ ਅਤੇ ਉਨ੍ਹਾਂ ਦੇ ਅੰਤਿਮ ਦਰਸ਼ਨ ਕਰ ਸਕਣ।