ਐਮਰਜੈਂਸੀ ਸੇਵਾਵਾਂ ਨੇ ਅੱਜ ਸਵੇਰੇ ਪੁਕਾਕੀ ਤੇ ਟੇਕਾਪੋ ਨੇੜੇ ਮੈਕੇਂਜੀ ਜ਼ਿਲ੍ਹੇ ‘ਚ ਸਟੇਟ ਹਾਈਵੇਅ 8 ‘ਤੇ ਦੋ ਬੱਸ ਦੁਰਘਟਨਾਵਾਂ ਦਾ ਜਵਾਬ ਦਿੱਤਾ ਹੈ, ਹਾਦਸੇ ‘ਚ ਕਈ ਲੋਕ ਜ਼ਖਮੀ ਹੋਏ ਹਨ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਕਿਸੇ ਦੀ ਜਾਨ ਨਹੀਂ ਗਈ। ਪਰ ਜ਼ਖਮੀਆਂ ‘ਚ ਦੋ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹਨ। ਜ਼ਖਮੀਆਂ ‘ਚ ਅੰਤਰਰਾਸ਼ਟਰੀ ਸੈਲਾਨੀ ਵੀ ਸ਼ਾਮਿਲ ਦੱਸੇ ਜਾ ਰਹੇ ਹਨ। ਪੁਲਿਸ ਨੇ ਕਿਹਾ ਕਿ 100 ਮੀਟਰ ਦੀ ਦੂਰੀ ‘ਤੇ ਦੋ ਵੱਖ-ਵੱਖ ਸਿੰਗਲ-ਬੱਸ ਹਾਦਸੇ ਹੋਏ ਸਨ। ਹੈਲੀਕਾਪਟਰ ਓਟੈਗੋ ਨੇ ਤਿੰਨ ਹੈਲੀਕਾਪਟਰਾਂ ਨੂੰ ਘਟਨਾ ਸਥਾਨ ‘ਤੇ ਭੇਜਿਆ ਸੀ।
ਹੈਟੋ ਹੋਨ ਸੇਂਟ ਜੌਨ ਨੇ ਕਿਹਾ ਕਿ ਉਨ੍ਹਾਂ ਨੇ ਕੁੱਲ 15 ਲੋਕਾਂ ਨੂੰ ਹਸਪਤਾਲ ਪਹੁੰਚਾਇਆ ਸੀ, ਜਿਨ੍ਹਾਂ ਵਿੱਚ ਦੋ ਹਵਾਈ ਜਹਾਜ਼ ਰਾਹੀਂ ਪਹੁੰਚਾਏ ਗਏ ਸਨ ਜਿਨ੍ਹਾਂ ਦੀ ਹਾਲਤ ਗੰਭੀਰ ਸੀ। ਸੱਤ ਨੂੰ ਘਟਨਾ ਵਾਲੀ ਥਾਂ ਤੋਂ ਸਿੱਧਾ ਹਸਪਤਾਲ ਲਿਜਾਇਆ ਗਿਆ ਜਦਕਿ ਅੱਠ ਹੋਰਾਂ ਨੂੰ ਟਵਿਜ਼ਲ ਮੈਡੀਕਲ ਸੈਂਟਰ ਤੋਂ ਅੱਗੇ ਲਿਜਾਇਆ ਗਿਆ ਸੀ। ਹਾਦਸੇ ਦਾ ਕਾਰਨ ‘ਖ਼ਰਾਬ ਵੀਜ਼ੀਬੀਲਟੀ’ ਤੇ ‘ਆਈਸੀ ਰੋਡ ਕੰਡੀਸ਼ਨ’ ਨੂੰ ਮੰਨਿਆ ਜਾ ਰਿਹਾ ਹੈ।