ਨਾਰਵੇ ਦੀ ਰਾਜਧਾਨੀ ਓਸਲੋ ‘ਚ ਗੋਲੀਬਾਰੀ ਦੀ ਖਬਰ ਮਿਲੀ ਹੈ। ਇਸ ਗੋਲੀਬਾਰੀ ‘ਚ ਹੁਣ ਤੱਕ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਕਈ ਲੋਕ ਬੁਰੀ ਤਰ੍ਹਾਂ ਜ਼ਖਮੀ ਵੀ ਦੱਸੇ ਜਾ ਰਹੇ ਹਨ। ਨਾਰਵੇ ਪੁਲਿਸ ਨੇ ਇਹ ਜਾਣਕਾਰੀ ਸਾਂਝੀ ਹੈ। ਦੱਸਿਆ ਗਿਆ ਹੈ ਕਿ ਇਹ ਗੋਲੀਬਾਰੀ ਲੰਡਨ ਕਲੱਬ ਦੇ ਅੰਦਰ ਹੋਈ ਹੈ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਕਲੱਬ ਵਿੱਚ ਦਾਖਲ ਹੋਇਆ ਅਤੇ ਉਸ ਤੋਂ ਬਾਅਦ ਉਸਨੇ ਆਪਣੀ ਬੰਦੂਕ ਕੱਢ ਲਈ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਲੋਕਾਂ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ।
ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਲੱਬ ‘ਚ ਵੱਡੀ ਗਿਣਤੀ ‘ਚ ਲੋਕ ਮੌਜੂਦ ਸਨ। ਗੋਲੀ ਚੱਲਦੇ ਹੀ ਪੂਰੇ ਕਲੱਬ ‘ਚ ਹਫੜਾ-ਦਫੜੀ ਮਚ ਗਈ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲਿਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਫਿਲਹਾਲ ਪੁਲਿਸ ਵੱਲੋਂ ਇਸ ਬਾਰੇ ਕੁੱਝ ਨਹੀਂ ਕਿਹਾ ਗਿਆ ਹੈ।
ਇਸ ਸਮੇਂ ਨਾਰਵੇ ਤੋਂ ਗੋਲੀਬਾਰੀ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਪਰ ਅਮਰੀਕਾ ਦੇ ਲੋਕ ਇਸ ਦਾ ਸਭ ਤੋਂ ਵੱਧ ਸ਼ਿਕਾਰ ਹੋ ਰਹੇ ਹਨ। ਅਮਰੀਕਾ ਵਿੱਚ ਲਗਾਤਾਰ ਹੋ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਸਰਕਾਰ ਵੀ ਚਿੰਤਤ ਹੈ। ਹਾਲ ਹੀ ਵਿਚ ਟੈਕਸਾਸ ਦੇ ਇਕ ਸਕੂਲ ਵਿਚ ਇਕ ਵਿਅਕਤੀ ਨੇ ਗੋਲੀਬਾਰੀ ਕੀਤੀ। ਜਿਸ ਵਿੱਚ 18 ਸਕੂਲੀ ਬੱਚਿਆਂ ਸਮੇਤ 21 ਜਾਨਾਂ ਚਲੀਆਂ ਗਈਆਂ ਸਨ। ਇਸ ਹਮਲੇ ਤੋਂ ਬਾਅਦ ਵੀ ਅਮਰੀਕਾ ਦੇ ਕਈ ਇਲਾਕਿਆਂ ‘ਚ ਗੋਲੀਬਾਰੀ ਦੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ, ਜਿਸ ‘ਚ ਆਮ ਲੋਕਾਂ ਦੀ ਜਾਨ ਚਲੀ ਗਈ। ਅਮਰੀਕਾ ਵਿੱਚ ਹੁਣ ਬੰਦੂਕਾਂ ਨੂੰ ਲੈ ਕੇ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਉੱਠ ਰਹੀ ਹੈ। ਦੁਨੀਆ ਦੇ ਕਈ ਦੇਸ਼ ਹਥਿਆਰਾਂ ਦੀ ਦੁਰਵਰਤੋਂ ਨੂੰ ਲੈ ਕੇ ਚਿੰਤਤ ਹਨ।