ਆਸਟ੍ਰੇਲੀਆ ਦੇ ਮਸ਼ਹੂਰ ਗੋਲਡ ਕੋਸਟ ਇਲਾਕੇ ‘ਚ ਦੋ ਹੈਲੀਕਾਪਟਰਾਂ ਦੀ ਟੱਕਰ ਕਾਰਨ ਭਿਆਨਕ ਹਾਦਸਾ ਵਾਪਰਿਆ ਹੈ। ਹੈਲੀਕਾਪਟਰ ਦੀ ਟੱਕਰ ਇੰਨੀ ਤੇਜ਼ ਸੀ ਕਿ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਆਸਟ੍ਰੇਲੀਅਨ ਪੁਲਿਸ ਨੇ ਦੱਸਿਆ ਕਿ ਹੈਲੀਕਾਪਟਰ ਦੀ ਟੱਕਰ ‘ਚ 4 ਲੋਕਾਂ ਦੀ ਮੌਤ ਹੋ ਗਈ ਅਤੇ 3 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ। ਮੀਡੀਆ ਨਾਲ ਗੱਲ ਕਰਦੇ ਹੋਏ, Queensland ਪੁਲਿਸ ਦੇ ਕਾਰਜਕਾਰੀ ਇੰਸਪੈਕਟਰ ਗੈਰੀ ਵੌਰੇਲ ਨੇ ਕਿਹਾ, “ਸਥਾਨਕ ਸਮੇਂ ਅਨੁਸਾਰ ਦੁਪਹਿਰ 2 ਵਜੇ ਸੀ ਵਰਲਡ ਥੀਮ ਪਾਰਕ ਦੇ ਨੇੜੇ ਐਮਰਜੈਂਸੀ ਸੇਵਾਵਾਂ ਨੂੰ ਮੌਕੇ ‘ਤੇ ਬੁਲਾਇਆ ਗਿਆ ਸੀ।”
ਅਧਿਕਾਰੀ ਗੈਰੀ ਵੋਰੇਲ ਨੇ ਦੱਸਿਆ ਕਿ ਟੱਕਰ ਤੋਂ ਬਾਅਦ ਦੋਵੇਂ ਹੈਲੀਕਾਪਟਰ ਕਰੈਸ਼ ਹੋ ਗਏ। ਟੱਕਰ ਇੰਨੀ ਤੇਜ਼ ਸੀ ਕਿ ਅੱਜ ਇਸ ਹਾਦਸੇ ‘ਚ ਚਾਰ ਲੋਕਾਂ ਦੀ ਜਾਨ ਚਲੀ ਗਈ। ਇਸ ਦੇ ਨਾਲ ਹੀ ਆਸਟ੍ਰੇਲੀਆ ਦੇ ਟਰਾਂਸਪੋਰਟ ਸੇਫਟੀ ਬਿਊਰੋ ਨੇ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੁਈਨਜ਼ਲੈਂਡ ਐਂਬੂਲੈਂਸ ਸਰਵਿਸ ਮੁਤਾਬਿਕ ਇਨ੍ਹਾਂ ਦੋ ਹੈਲੀਕਾਪਟਰਾਂ ‘ਚ 13 ਲੋਕ ਸਵਾਰ ਸਨ। ਇਨ੍ਹਾਂ ਵਿੱਚੋਂ ਚਾਰ ਦੀ ਮੌਤ ਹੋ ਗਈ, ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਦੋਂ ਕਿ ਛੇ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਲੋਕ ਹਾਦਸੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਰਹੇ ਹਨ। ਹੈਲੀਕਾਪਟਰ ਦਾ ਮਲਬਾ ਬੀਚ ‘ਤੇ ਰੇਤ ‘ਤੇ ਖਿਲਰਿਆ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਨਵੇਂ ਸਾਲ ਦੀਆਂ ਛੁੱਟੀਆਂ ਮਨਾਉਣ ਆਏ ਲੋਕ ਵੀ ਨਜ਼ਰ ਆ ਰਹੇ ਹਨ।