ਹਿਮਾਚਲ ‘ਚ ਬਰਫਬਾਰੀ ਦੇਖਣ ਮਨਾਲੀ ਪਹੁੰਚੇ ਸੈਲਾਨੀਆਂ ਦੇ ਦੋ ਗਰੁੱਪ ਆਪਸ ‘ਚ ਭਿੜੇ ਹਨ। ਦੋਵਾਂ ਗੁੱਟਾਂ ਵਿੱਚ ਜ਼ਬਰਦਸਤ ਲੜਾਈ ਹੋਈ ਹੈ। ਇਸ ਲੜਾਈ ਨਾਲ ਜੁੜਿਆ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਵਿੱਚ ਸੈਲਾਨੀਆਂ ਵਿੱਚ ਲੱਤਾਂ ਮੁੱਕੇ ਚੱਲਦੇ ਨਜ਼ਰ ਆ ਰਹੇ ਹਨ। ਮਨਾਲੀ ਦੇ ਡੀਐਸਪੀ ਹੇਮ ਚੰਦ ਵਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਵੀਡੀਓ ਕਿਸੇ ਨੇ ਭੇਜੀ ਹੈ, ਪਰ ਫਿਲਹਾਲ ਪੁਲਿਸ ਕੋਲ ਕੋਈ ਰਿਪੋਰਟ ਦਰਜ ਨਹੀਂ ਕਰਵਾਈ ਗਈ ਹੈ।
ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਮਨਾਲੀ ‘ਚ ਭਾਰੀ ਬਰਫਬਾਰੀ ਦੌਰਾਨ ਸੈਲਾਨੀਆਂ ਦੇ ਦੋ ਗਰੁੱਪਾਂ ‘ਚ ਕਿਸੇ ਗੱਲ ਨੂੰ ਲੈ ਕੇ ਗੱਲਬਾਤ ਹੋ ਰਹੀ ਹੈ ਜੋ ਮਿੰਟਾਂ ‘ਚ ਹੀ ਬਹਿਸ ‘ਚ ਬਦਲ ਗਈ। ਕੁੱਝ ਮਿੰਟਾਂ ਬਾਅਦ ਹੀ ਦੋਵਾਂ ਧਿਰਾਂ ਦੇ ਲੋਕਾਂ ਵਿਚਾਲੇ ਹੱਥੋਪਾਈ ਸ਼ੁਰੂ ਹੋ ਗਈ। ਵੀਡੀਓ ‘ਚ ਦੋਵੇਂ ਧੜਿਆਂ ਦੇ ਮੈਂਬਰ ਆਪਸ ‘ਚ ਲੜਦੇ ਹੋਏ ਇੱਕ-ਦੂਜੇ ਨੂੰ ਗਾਲ੍ਹਾਂ ਕੱਢ ਰਹੇ ਹਨ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਝਗੜੇ ਦਾ ਕਾਰਨ ਸੈਲਾਨੀਆਂ ਦੇ ਇੱਕ ਗਰੁੱਪ ਵੱਲੋਂ ਦੂਜੇ ਪਾਸੇ ਦੀ ਗੱਡੀ ਨੂੰ ਪਾਸ ਨਾ ਦੇਣਾ ਸੀ। ਸ਼ੁਰੂਆਤੀ ਬਹਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਝਗੜਾ ਵੱਧ ਗਿਆ ਅਤੇ ਦੋਵਾਂ ਧਿਰਾਂ ਦੇ ਲੋਕਾਂ ਨੇ ਇੱਕ ਦੂਜੇ ਦੀ ਕੁੱਟਮਾਰ ਕੀਤੀ। ਸੈਲਾਨੀਆਂ ਦੇ ਜਿਨ੍ਹਾਂ ਦੋ ਧੜਿਆਂ ਵਿੱਚ ਝੜਪ ਹੋਈ ਸੀ, ਉਹ ਪੰਜਾਬ ਦੇ ਸਨ ਅਤੇ ਮਨਾਲੀ ਵਿੱਚ ਸੈਰ-ਸਪਾਟੇ ਲਈ ਆਏ ਸਨ।