ਪੰਜਾਬ ‘ਚ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਸਿਆਸੀ ਵਾਅਦਿਆਂ ਅਤੇ ਦਾਅਵਿਆਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਉੱਥੇ ਹੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਮ ਵੀ ਐਲਾਨ ਦਿੱਤੇ ਗਏ ਹਨ। ਉੱਥੇ ਹੀ ਇਸ ਵਾਰ ਕਈ ਹਲਕਿਆਂ ‘ਚ ਉਮੀਦਵਾਰਾਂ ਵਿਚਕਾਰ ਸਖਤ ਅਤੇ ਦਿਲਚਸਪ ਮੁਕਾਬਲਾ ਵੀ ਦੇਖਣ ਨੂੰ ਮਿਲ ਰਿਹਾ ਹੈ। ਹਮੇਸ਼ਾ ਤੋਂ ਚਰਚਾ ਦਾ ਵਿਸ਼ਾ ਰਹੇ ਲੁਧਿਆਣਾ ਜ਼ਿਲ੍ਹੇ ਦਾ ਹਲਕਾ ਦਾਖਾ ਮੁੜ ਸੁਰਖੀਆਂ ਵਿੱਚ ਹੈ। ਇੱਥੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦੋ ਸਾਬਕਾ ਓਐੱਸਡੀ ਆਹਮੋ-ਸਾਹਮਣੇ ਹੋ ਗਏ ਹਨ।
ਬੀਤੇ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਲੋਕ ਕਾਂਗਰਸ ਪਾਰਟੀ ਵੱਲੋਂ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ, ਪੰਜਾਬ ਲੋਕ ਕਾਂਗਰਸ ਪਾਰਟੀ ਹਲਕਾ ਦਾਖਾ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਓਐੱਸਡੀ ਦਮਨਜੀਤ ਸਿੰਘ ਮੋਹੀ ਨੂੰ ਟਿਕਟ ਦੇ ਕੇ ਚੋਣ ਮੈਦਾਨ ’ਚ ਉਤਾਰਿਆ ਹੈ। ਖਾਸ ਗੱਲ ਇਹ ਹੈ ਕਿ ਸੱਤਾਧਾਰੀ ਕਾਂਗਰਸ ਵੱਲੋਂ ਵੀ ਇੱਥੇ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਓਐੱਸਡੀ ਕੈਪਟਨ ਸੰਦੀਪ ਸੰਧੂ ਨੂੰ ਟਿਕਟ ਦੇ ਕੇ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ। ਹਾਲਾਂਕਿ ਦਾਖਾ ਤੋਂ ‘ਆਪ’ ਦੀ ਟਿਕਟ ’ਤੇ ਵਿਧਾਇਕ ਚੁਣੇ ਐਡਵੋਕੇਟ ਐੱਚਐੱਸ ਫੂਲਕਾ ਵੱਲੋਂ ਅਸਤੀਫ਼ਾ ਦੇਣ ਕਰਕੇ ਹੋਈ ਜ਼ਿਮਨੀ ਚੋਣ ਸਮੇਂ ਵੀ ਕਾਂਗਰਸ ਨੇ ਕੈਪਟਨ ਸੰਦੀਪ ਸੰਧੂ ਨੂੰ ਚੋਣ ਮੈਦਾਨ ‘ਚ ਉਤਾਰਿਆ ਸੀ ਪਰ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਦਾਖਾ ਤੋਂ ਮੌਜੂਦਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਜਿੱਤ ਦਰਜ ਕੀਤੀ ਸੀ।
ਜਿੱਥੇ ਹਲਕੇ ਦਾਖੇ ‘ਚ ਦੋ ਸਾਬਕਾ ਓਐੱਸਡੀ ਆਹਮੋ-ਸਾਹਮਣੇ ਹੋ ਗਏ ਹਨ ਉੱਥੇ ਹੀ ਹਲਕੇ ਦੇ ਵੋਟਰਾਂ ਨੂੰ ਇੱਕ ਦਿਲਚਸਪ ਮੁੁਕਾਬਲਾ ਵੀ ਦੇਖਣ ਨੂੰ ਮਿਲੇਗਾ। ਇਸ ਮੁਕਾਬਲੇ ਨੂੰ ਖਾਸ ਬਣਾਉਣ ਵਾਲੀ ਇੱਕ ਗੱਲ ਇਹ ਵੀ ਹੈ ਕਿ ਦੋਵੇ ਉਮੀਦਵਾਰ ਇੱਕ ਦੂਜੀ ਦੀਆਂ ਕਮੀਆਂ ਨੂੰ ਵੀ ਜਾਣਦੇ ਹੋਣਗੇ ਜਿਸ ਕਾਰਨ ਪ੍ਰਚਾਰ ਦੌਰਾਨ ਵੀ ਦੋਵੇ ਆਗੂ ਇੱਕ ਦੂਜੇ ‘ਤੇ ਨਿਸ਼ਾਨੇ ਸਾਧਦੇ ਨਜ਼ਰ ਆ ਸਕਦੇ ਹਨ।