ਨਿਊਜ਼ੀਲੈਂਡ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਥਿਤ ਤੌਰ ‘ਤੇ $ 7.65 ਮਿਲੀਅਨ ਦੀ ਕੋਕੀਨ ਲੈਣ ਲਈ ਆਸਟਰੇਲੀਆ ਤੋਂ ਨਿਊਜ਼ੀਲੈਂਡ ਆਏ ਸਨ। ਡਿਟੈਕਟਿਵ ਇੰਸਪੈਕਟਰ ਟੌਮ ਗੋਲਨ ਨੇ ਕਿਹਾ ਕਿ ਦੋਵੇਂ ਵਿਅਕਤੀ 1 ਜੂਨ ਨੂੰ ਆਕਲੈਂਡ ਦੇ ਓਨਹੁੰਗਾ ਵਿੱਚ ਇੱਕ ਵਪਾਰਕ ਪਤੇ ‘ਤੇ ਮਿਲੇ ਸਨ। ਉਨ੍ਹਾਂ ਨੂੰ ਕਥਿਤ ਤੌਰ ‘ਤੇ ਇੱਕ ਕੰਟੇਨਰ ‘ਚੋਂ 17 ਕਿਲੋਗ੍ਰਾਮ ਕੋਕੀਨ ਬਰਾਮਦ ਹੋਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ।
ਗੋਲਨ ਨੇ ਕਿਹਾ ਕਿ ਮੰਨਿਆ ਜਾਂਦਾ ਹੈ ਕਿ ਇਹ ਵਿਅਕਤੀ ਇੱਕ ਸੰਗਠਿਤ ਅਪਰਾਧ ਸਿੰਡੀਕੇਟ ਦੇ ਮੈਂਬਰ ਸਨ ਅਤੇ ਉਹ ਸਿਰਫ ਡਰੱਗ ਲੈਣ ਲਈ ਨਿਊਜ਼ੀਲੈਂਡ ਆਏ ਸਨ। ਇੱਕ ਵਿਅਕਤੀ ਆਸਟ੍ਰੇਲੀਆ ਦਾ ਨਾਗਰਿਕ ਹੈ ਜਦਕਿ ਦੂਜਾ ਨਿਊਜ਼ੀਲੈਂਡ ਦਾ ਜੰਮਪਲ ਹੈ ਪਰ ਆਸਟ੍ਰੇਲੀਆ ਵਿਚ ਰਹਿ ਰਿਹਾ ਹੈ। ਗੋਲਨ ਨੇ ਕਿਹਾ ਕਿ ਉਨ੍ਹਾਂ ਨੂੰ ਉਦੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਇਲੈਕਟ੍ਰਿਕ ਸਕੂਟਰਾਂ ‘ਤੇ ਕੰਟੇਨਰ ਯਾਰਡ ਤੋਂ ਬਾਹਰ ਨਿਕਲੇ ਸਨ। ਦੋਵਾਂ ਵਿਅਕਤੀਆਂ ਦੀ ਉਮਰ 33 ਅਤੇ 42 ਸਾਲ ਦੱਸੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਕੋਕੀਨ ਦੀ ਕੀਮਤ 7.65 ਮਿਲੀਅਨ ਡਾਲਰ ਸੀ ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਨਿਊਜ਼ੀਲੈਂਡ ਬਾਜ਼ਾਰ ਲਈ ਸੀ ਜਾਂ ਆਸਟ੍ਰੇਲੀਆਈ ਬਾਜ਼ਾਰ ਲਈ।