ਹੈਮਿਲਟਨ ਉਪਨਗਰ ਵਿੱਚ ਅੱਜ ਸਵੇਰੇ ਇੱਕ ਕਾਰ ਅਤੇ ਇੱਕ ਟਰੱਕ ਦੀ ਟੱਕਰ ਵਿੱਚ ਦੋ ਲੋਕਾਂ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਦਕਿ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਦੱਸਿਆ ਕਿ ਹਾਦਸਾ ਸਵੇਰੇ ਕਰੀਬ 3.45 ਵਜੇ ਵਿਟਿਓਰਾ ਦੇ ਅਲਸਟਰ ਸਟਰੀਟ ‘ਤੇ ਹੋਇਆ ਸੀ। ਦੋ ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ ਸੀ ਅਤੇ ਦੋ ਹੋਰਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ। ਹਾਦਸੇ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਸੀ ਤੇ ਪੀੜਤਾਂ ਨੂੰ ਕਾਰ ਵਿੱਚੋਂ ਬਾਹਰ ਕੱਢਣ ਸਮੇਂ ਤਿੰਨ ਪੁਲਿਸ ਅਧਿਕਾਰੀਆਂ ਨੂੰ ਵੀ ਧੂੰਏਂ ਕਾਰਨ ਦਿੱਕਤ ਦਾ ਸਾਹਮਣਾ ਕਰਨਾ ਪਿਆ ਸੀ। ਹਾਦਸੇ ਬਾਅਦ ਸੜਕ ਨੂੰ ਕਈ ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਗੰਭੀਰ ਕਰੈਸ਼ ਯੂਨਿਟ ਨੇ ਜਾਂਚ ਕੀਤੀ ਸੀ, ਪਰ ਹੁਣ ਦੁਬਾਰਾ ਖੋਲ੍ਹ ਦਿੱਤੀ ਗਈ ਹੈ।
