ਬੀਤੇ ਦਿਨ ਹਲਕਾ ਆਦਮਪੁਰ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਕਾਂਗਰਸ ਦੀ ਅੰਦਰੂਨੀ ਜੰਗ ਖੁੱਲ਼੍ਹ ਕੇ ਸਾਹਮਣੇ ਆ ਗਈ। ਕਾਂਗਰਸ ਲਈ ਨਮੋਸ਼ੀ ਉਦੋਂ ਬਣ ਗਈ ਜਦੋਂ ਇੱਕੋ ਸੀਟ ਤੋਂ ਦੋ ਉਮੀਦਵਾਰ ਕਾਗਜ਼ ਦਾਖਲ ਕਰਨ ਪਹੁੰਚ ਗਏ। ਆਦਮਪੁਰ ਹਲਕੇ ਤੋਂ ਕਾਂਗਰਸ ਦੀ ਟਿਕਟ ਨੂੰ ਲੈ ਕੇ ਮੰਗਲਵਾਰ ਨੂੰ ਸਾਰਾ ਦਿਨ ਹਾਈਵੋਲਟੇਜ ਡਰਾਮਾ ਚੱਲਦਾ ਰਿਹਾ | ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ. ਅਤੇ ਕਾਂਗਰਸ ਵਲੋਂ ਐਲਾਨੇ ਉਮੀਦਵਾਰ ਸੁਖਵਿੰਦਰ ਸਿੰਘ ਕੋਟਲੀ ਦੇ ਵਿਚਕਾਰ ਕਾਂਗਰਸ ਦੀ ਟਿਕਟ ਹਾਸਿਲ ਕਰਨ ਲਈ ਸਾਰਾ ਦਿਨ ਰੱਸਾਕਸ਼ੀ ਦੀ ਖੇਡ ਚੱਲਦੀ ਰਹੀ ਤੇ ਦੋਵੇਂ ਆਗੂ ਪਾਰਟੀ ਦੇ ਅਧਿਕਾਰਤ ਪੱਤਰ ਦੇ ਇੰਤਜ਼ਾਰ ‘ਚ ਚੋਣ ਅਧਿਕਾਰੀ ਦੇ ਦਫਤਰ ‘ਚ ਬੈਠੇ ਰਹੇ ਪਰ ਆਖਰੀ ਮੌਕੇ ‘ਤੇ ਸੁਖਵਿੰਦਰ ਸਿੰਘ ਕੋਟਲੀ ਬਾਜ਼ੀ ਮਾਰਨ ‘ਚ ਸਫਲ ਰਹੇ ਤੇ ਹਾਈਕਮਾਨ ਵਲੋਂ ਉਨ੍ਹਾਂ ਨੂੰ ਪਾਰਟੀ ਦਾ ਅਧਿਕਾਰਤ ਉਮੀਦਵਾਰ ਬਣਾ ਕੇ ਉਨ੍ਹਾਂ ਦੇ ਕਾਗਜ਼ ਭਰਵਾਏ ਗਏ, ਜਦਕਿ ਮਹਿੰਦਰ ਸਿੰਘ ਕੇ. ਪੀ. ਬੁਰੀ ਤਰ੍ਹਾਂ ਨਾਲ ਨਿਰਾਸ਼ ਹੋ ਕੇ ਚੋਣ ਅਧਿਕਾਰੀ ਦੇ ਦਫਤਰ ਤੋਂ ਖਾਲੀ ਹੱਥ ਪਰਤਣ ਲਈ ਮਜ਼ਬੂਰ ਹੋ ਗਏ।
ਕੇਪੀ ਨੇ ਕਾਂਗਰਸ ਪਾਰਟੀ ‘ਤੇ ਦੋਸ਼ ਲਗਾਇਆ ਕਿ ਪਹਿਲਾਂ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਜਲੀਲ ਕਰਕੇ ਪਾਰਟੀ ‘ਚੋਂ ਬਾਹਰ ਕੱਢ ਦਿੱਤਾ ਸੀ ਅਤੇ ਹੁਣ ਉਨ੍ਹਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ। ਕਾਂਗਰਸ ਪਾਰਟੀ ‘ਤੇ ਗੰਭੀਰ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਹਰ ਸੀਨੀਅਰ ਆਗੂ ਨਾਲ ਮਾੜਾ ਵਿਵਹਾਰ ਕਰਕੇ ਜ਼ਲੀਲ ਕਰਦੀ ਹੈ, ਫਿਰ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਜਾਂਦੀ। ਕੇਪੀ ਨੇ ਕਿਹਾ ਕਿ ਹੁਣ ਕਾਂਗਰਸ ਪਾਰਟੀ ਪਹਿਲਾਂ ਵਰਗੀ ਨਹੀਂ ਰਹੀ, ਕਾਂਗਰਸ ਪਾਰਟੀ ਹੁਣ ਉਨ੍ਹਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਉਹ ਤੈਅ ਕਰਨਗੇ ਕਿ ਉਹ ਕਾਂਗਰਸ ਪਾਰਟੀ ਛੱਡਣਗੇ ਜਾਂ ਨਹੀਂ। ਇਸ ਦੌਰਾਨ ਉਨ੍ਹਾਂ ਹੋਰ ਕੀ ਕਿਹਾ ਆਉ ਸੁਣਦੇ ਹਾਂ।