ਨਿਊਜ਼ੀਲੈਂਡ ‘ਚ ਕੋਰੋਨਾ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਉੱਥੇ ਹੀ ਹੁਣ ਸਕੂਲਾਂ ‘ਤੇ ਵੀ ਇਸਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਸੋਮਵਾਰ ਨੂੰ ਕੋਵਿਡ -19 ਦੇ ਕੇਸਾਂ ਦਾ ਪਤਾ ਲੱਗਣ ਤੋਂ ਬਾਅਦ ਆਕਲੈਂਡ ਦੇ ਦੋ ਹਾਈ ਸਕੂਲ ਬੰਦ ਕੀਤੇ ਗਏ ਹਨ। ਪਹਿਲਾ ਮਾਮਲਾ ਮੈਕਲੀਨਜ਼ ਕਾਲਜ ਦਾ ਇੱਕ ਸਟਾਫ ਹੈ ਜੋ ਕਿਸੇ ਵੀ ਵਿਦਿਆਰਥੀ ਦੇ ਸੰਪਰਕ ਵਿੱਚ ਨਹੀਂ ਰਿਹਾ ਹੈ। ਦੂਜਾ ਮਾਮਲਾ ਐਤਵਾਰ ਨੂੰ ਸਾਹਮਣੇ ਆਇਆ ਹੈ। ਉਹ ਮਾਊਂਟ ਅਲਬਰਟ ਗ੍ਰਾਮਰ ਸਕੂਲ ਵਿੱਚ ਪੜ੍ਹ ਰਿਹਾ ਵਿਦਿਆਰਥੀ ਹੈ। ਪੌਜੇਟਿਵ ਆਉਣ ਤੋਂ ਪਹਿਲਾਂ ਉਹ 26 ਤੋਂ 28 ਅਕਤੂਬਰ ਤੱਕ ਕਲਾਸ ਵਿੱਚ ਸੀ।
ਮਾਊਂਟ ਅਲਬਰਟ ਗ੍ਰਾਮਰ ਨੇ ਐਤਵਾਰ ਸ਼ਾਮ ਨੂੰ ਮਾਤਾ-ਪਿਤਾ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਭੇਜੇ ਇੱਕ ਪੱਤਰ ਵਿੱਚ ਕਿਹਾ, “ਅਸੀਂ ਸਵੇਰੇ, ਇਸ ਵਿਦਿਆਰਥੀ ਦੇ ਕਿਸੇ ਵੀ ਨਜ਼ਦੀਕੀ ਸੰਪਰਕ ਦਾ ਪਤਾ ਲਗਾਉਣ ਲਈ ਅਤੇ ਆਪਣੇ ਸਕੂਲ ਦੀ ਪੂਰੀ ਤਰ੍ਹਾਂ ਨਾਲ ਸਫਾਈ ਕਰਨ ਲਈ ਕੰਮ ਕਰਾਂਗੇ” ਸੰਪਰਕ ਟਰੇਸਿੰਗ ਅਤੇ ਡੂੰਘੀ ਸਫਾਈ ਦੀ ਆਗਿਆ ਦੇਣ ਲਈ ਦੋਵਾਂ ਸਕੂਲਾਂ ਵਿੱਚ ਔਨਲਾਈਨ ਸਿਖਲਾਈ ਦੁਬਾਰਾ ਸ਼ੁਰੂ ਹੋਵੇਗੀ। ਆਕਲੈਂਡ ਦੇ ਸਕੂਲਾਂ ਵਿੱਚ ਸਾਲ 11 ਤੋਂ 13 ਦੇ ਵਿਦਿਆਰਥੀਆਂ ਨੂੰ 26 ਅਕਤੂਬਰ ਨੂੰ ਵਿਅਕਤੀਗਤ ਤੌਰ ‘ਤੇ ਸਿਖਲਾਈ ਲਈ ਵਾਪਿਸ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ।