ਕੁੱਝ ਦਿਨ ਪਹਿਲਾਂ ਟੌਰੰਗਾ ਦੇ ਗੁਰਦੁਆਰਾ ਸਾਹਿਬ ਵਿੱਚ ਭਾਈਚਾਰੇ ਦੇ ਇੱਕ ਵੱਡੇ ਇਕੱਠ ਦੌਰਾਨ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਹੁਣ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ 24 ਅਗਸਤ ਨੂੰ ਸ਼ਾਮ 5.30 ਵਜੇ ਦੇ ਕਰੀਬ ਪਾਈਸ ਪਾ ਦੇ ਚੇਏਨ ਰੋਡ ‘ਤੇ ਕਈ ਲੋਕਾਂ ਦੇ ਸਰੀਰਕ ਝਗੜੇ ਦੀ ਸੂਚਨਾ ਮਿਲੀ ਸੀ। ਨਿਊਜ਼ੀਲੈਂਡ ਹੇਰਾਲਡ ਨੇ ਇੱਕ ਰਿਪੋਰਟ ‘ਚ ਕਿਹਾ ਕਿ ਇੱਥੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਲੈ ਕੇ ਮਾਹੌਲ ਤਣਾਅ ਪੂਰਨ ਬਣਿਆ ਸੀ ਜਿਸ ਕਾਰਨ ਦੋ ਸਮੂਹਾਂ ਵਿਚਕਾਰ ਝਗੜਾ ਸ਼ੁਰੂ ਹੋਇਆ ਸੀ।
ਪੁਲਿਸ ਨੇ ਕਿਹਾ ਕਿ ਘਟਨਾ ਦੀ ਜਾਂਚ ਜਾਰੀ ਰਹਿਣ ਕਾਰਨ ਹੋਰ ਗ੍ਰਿਫਤਾਰੀਆਂ ਦੀ ਉਮੀਦ ਹੈ। ਪੁਲਿਸ ਨੇ ਇਸ ਮਾਮਲੇ ਦੀ ਜਾਣਕਾਰੀ ਦੇਣ ਵਾਲਿਆਂ ਦਾ ਧੰਨਵਾਦ ਕਰਦਿਆਂ। ਲੋਕਾਂ ਨੂੰ ਘਟਨਾ ਦੇ ਵੇਰਵੇ ਜਾਂ ਫੁਟੇਜ ਸਾਂਝੀ ਕਰਨ ਦੀ ਅਪੀਲ ਵੀ ਕੀਤੀ ਹੈ। ਪੁਲਿਸ ਨੇ ਇੱਕ 39 ਸਾਲਾ ਅਤੇ ਇੱਕ 44 ਸਾਲਾ ਵਿਅਕਤੀ ਨੂੰ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਜ਼ਖਮੀ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ। ਦੋਵਾਂ ਨੂੰ 5 ਸਤੰਬਰ ਨੂੰ ਟੌਰੰਗਾ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।