ਨਿਊਜ਼ੀਲੈਂਡ ‘ਚ ਹੁੰਦੀਆਂ ਲੁੱਟਾਂ ਖੋਹਾਂ ਜਿੱਥੇ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਉੱਥੇ ਹੀ ਇੰਨ੍ਹਾਂ ਵਾਰਦਾਤਾਂ ‘ਚ ਸ਼ਾਮਿਲ ਬੱਚਿਆਂ ਦੀ ਗਿਣਤੀ ਨੇ ਮਾਪਿਆਂ ਦੀ ਵੀ ਨੀਂਦ ਉਡਾ ਦਿੱਤੀ ਹੈ। ਹੁਣ ਇੱਕ ਅਜਿਹਾ ਹੋਰ ਮਾਮਲਾ ਸਾਹਮਣੇ ਆਇਆ ਹੈ ਜੋ ਤੁਹਾਨੂੰ ਵੀ ਹੈਰਾਨ ਕਰ ਦੇਵੇਗਾ ਦਰਅਸਲ ਇਸ ਹਫ਼ਤੇ ਵਾਈਕਾਟੋ ਵਿੱਚ ਇੱਕ ਪੈਟਰੋਲ ਸਟੇਸ਼ਨ ਅਤੇ ਡੇਅਰੀ ਦੀ ਕਥਿਤ ਲੁੱਟ ਤੋਂ ਬਾਅਦ ਪੁਲਿਸ ਨੇ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਐਕਟਿੰਗ ਡਿਟੈਕਟਿਵ ਸੀਨੀਅਰ ਸਾਰਜੈਂਟ ਫਿਲਿਪ ਏਲਵੀ ਨੇ ਕਿਹਾ ਕਿ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਦੋ 13 ਸਾਲ ਦੇ ਬੱਚੇ ਹਨ। ਇੰਨ੍ਹਾਂ ਉੱਪਰ 11 ਮਾਰਚ ਨੂੰ ਡਿਨਸਡੇਲ ਵਿੱਚ ਇੱਕ ਪੈਟਰੋਲ ਸਟੇਸ਼ਨ ਨੂੰ ਲੁੱਟਣ ਦਾ ਦੋਸ਼ ਹੈ।
ਉਨ੍ਹਾਂ ਕਿਹਾ ਕਿ 13 ਸਾਲਾਂ ਦੇ ਬੱਚਿਆਂ ਵਿੱਚੋਂ ਇੱਕ ਵੀਰਵਾਰ ਨੂੰ ਹੈਮਿਲਟਨ ਯੂਥ ਕੋਰਟ ਵਿੱਚ ਪੇਸ਼ ਹੋਇਆ ਸੀ ਜਦਕਿ ਦੂਜਾ ਅੱਜ ਪੇਸ਼ ਕੀਤਾ ਜਾਵੇਗਾ। ਬੱਚਿਆਂ ਤੋਂ ਇਲਾਵਾ ਇੱਕ 19 ਸਾਲ ਦਾ ਨੌਜਵਾਨ ਵੀ ਗ੍ਰਿਫਤਾਰ ਕੀਤਾ ਗਿਆ ਹੈ। ਐਲਵੀ ਨੇ ਕਿਹਾ ਕਿ, “ਦੋ ਹੋਰ ਅਪਰਾਧੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦਾ ਪਤਾ ਲਗਾਉਣ ਲਈ ਪੁੱਛਗਿੱਛ ਜਾਰੀ ਹੈ।”