ਸੋਸ਼ਲ ਮੀਡੀਆ ‘ਤੇ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜਿਨ੍ਹਾਂ ਵਿੱਚੋਂ ਅਸੀਂ ਕੁੱਝ ਵੀਡੀਓਜ਼ ਨੂੰ ਦੇਖ ਕੇ ਹੱਸਦੇ ਹਾਂ ਅਤੇ ਕੁੱਝ ਵੀਡੀਓਜ਼ ਸਾਨੂ ਭਾਵੁਕ ਵੀ ਕਰ ਦਿੰਦੀਆਂ ਨੇ ਪਰ ਇੰਨ੍ਹਾਂ ਦੇ ਨਾਲ-ਨਾਲ ਅਸੀਂ ਕਈ ਵੀਡੀਓਜ਼ ਨੂੰ ਦੇਖ ਕੇ ਹੈਰਾਨ ਵੀ ਹੋ ਜਾਂਦੇ ਹਾਂ। ਹੁਣ ਇੱਕ ਹੋਰ ਹੈਰਾਨੀਜਨਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਹਰ ਕੋਈਹੈਰਾਨ ਹੋ ਰਿਹਾ ਹੈ, ਕਿਉਂਕ ਇਸ ਵੀਡੀਓ ਵਿੱਚ ਦੋ ਜੁੜਵਾਂ ਭੈਣਾਂ ਇੱਕੋ ਮੁੰਡੇ ਨਾਲ ਵਿਆਹ ਕਰਵਾ ਰਹੀਆਂ ਹਨ।
ਦੋਵੇਂ ਭੈਣਾਂ ਇੱਕੋ ਮੰਡਪ ਵਿੱਚ ਇੱਕੋ ਲਾੜੇ ਨਾਲ ਵਿਆਹ ਕਰਵਾ ਰਹੀਆਂ ਹਨ। ਇੱਕ ਦਿਲਚਸਪ ਗੱਲ ਇਹ ਵੀ ਹੈ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਵਿਆਹ ‘ਤੇ ਕੋਈ ਇਤਰਾਜ਼ ਨਹੀਂ ਹੈ। ਸਾਰਾ ਪਰਿਵਾਰ ਦੋਵਾਂ ਭੈਣਾਂ ‘ਤੇ ਅਸ਼ੀਰਵਾਦ ਦੀ ਵਰਖਾ ਕਰ ਰਿਹਾ ਹੈ।ਪਰ ਹੁਣ ਇਸ ਮਾਮਲੇ ‘ਚ ਇੱਕ ਹੋਰ ਮੋੜ ਆਇਆ ਹੈ ਦਰਅਸਲ ਪੁਲਿਸ ਨੇ ਲਾੜੇ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਹ ਅਨੋਖਾ ਵਿਆਹ ਮਹਾਰਾਸ਼ਟਰ ਦੇ ਪੰਢਰਪੁਰ ( Pandharpur) ‘ਚ ਹੋਇਆ ਹੈ। ਹੁਣ ਇਸ ਮਾਮਲੇ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਵੇਂ ਭੈਣਾਂ ਪੇਸ਼ੇ ਤੋਂ ਇੰਜੀਨੀਅਰ ਹਨ ਅਤੇ ਲਾੜਾ ਕਾਰੋਬਾਰੀ ਹੈ। ਲਾੜੇ ਅਤੁਲ ਦਾ ਮੁੰਬਈ ਵਿੱਚ ਟਰੈਵਲ ਏਜੰਸੀ ਦਾ ਕਾਰੋਬਾਰ ਹੈ। ਅਤੁਲ ਦੋਹਾਂ ਭੈਣਾਂ ਨੂੰ ਪਹਿਲਾਂ ਹੀ ਜਾਣਦਾ ਸੀ। ਉਸ ਨੇ ਦੋਹਾਂ ਨਾਲ ਵਿਆਹ ਕਰਨ ਦਾ ਫੈਸਲਾ ਲਿਆ। ਇਹ ਵਿਆਹ ਤਿੰਨਾਂ ਦੀ ਮਰਜ਼ੀ ‘ਤੇ ਹੋਇਆ ਸੀ। ਵਿਆਹ ਬਹੁਤ ਧੂਮਧਾਮ ਨਾਲ ਕੀਤਾ ਗਿਆ ਅਤੇ ਸਾਰੇ ਮਹਿਮਾਨਾਂ ਨੇ ਵੀ ਵਿਆਹ ਦਾ ਆਨੰਦ ਮਾਣਿਆ।
ਪਰ ਹੁਣ ਦੋਨਾਂ ਭੈਣਾਂ ਨਾਲ ਅਨੋਖੇ ਵਿਆਹ ਤੋਂ ਬਾਅਦ ਲਾੜਾ ਮੁਸੀਬਤ ਵਿੱਚ ਹੈ। ਪੁਲਿਸ ਨੇ ਇੱਕ ਸ਼ਿਕਾਇਤ ਦੇ ਆਧਾਰ ‘ਤੇ ਲਾੜੇ ਦੇ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 494 (ਪਤੀ ਜਾਂ ਪਤਨੀ ਦੇ ਜੀਵਨ ਕਾਲ ਦੌਰਾਨ ਦੁਬਾਰਾ ਵਿਆਹ ਕਰਨਾ) ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਵਿਆਹ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਦੇਖ ਕੇ ਲੋਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ, ਉਥੇ ਹੀ ਕੁੱਝ ਲੋਕ ਵੀਡੀਓ ਦੇਖ ਕੇ ਹੈਰਾਨ ਰਹਿ ਗਏ ਹਨ। ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦਾ ਅਨੋਖਾ ਵਿਆਹ ਭਾਰਤ ਵਿੱਚ ਘੱਟ ਹੀ ਦੇਖਣ ਨੂੰ ਮਿਲਦਾ ਹੈ।