ਨਿਊਜ਼ੀਲੈਂਡ ‘ਚ ਹੁਣ ਕੋਰੋਨਾ ਦੀ ਰਫਤਾਰ ਕੁੱਝ ਘੱਟਦੀ ਹੋਈ ਜਾਪ ਰਹੀ ਹੈ। ਬੀਤੇ ਕੁੱਝ ਦਿਨਾਂ ਤੋਂ ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਕਮੀ ਆਈ ਹੈ। ਪਰ ਖਤਰਾ ਅਜੇ ਵੀ ਬਰਕਰਾਰ ਹੈ। ਉੱਥੇ ਹੀ ਐਤਵਾਰ ਨੂੰ ਸਿਹਤ ਮੰਤਰਾਲੇ ਵੱਲੋ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਅੱਜ ਕਮਿਊਨਿਟੀ ਵਿੱਚ 20 ਨਵੇਂ ਕੋਵਿਡ -19 ਕੇਸ ਸਾਹਮਣੇ ਆਏ ਹਨ, ਇੰਨਾਂ ਮਾਮਲਿਆਂ ਦੀ ਸਿਹਤ ਦੇ ਡਾਇਰੈਕਟਰ ਜਨਰਲ ਡਾ ਐਸ਼ਲੇ ਬਲੂਮਫੀਲਡ ਨੇ ਪੁਸ਼ਟੀ ਕੀਤੀ ਹੈ। ਇਸ ਸਾਰੇ ਨਵੇਂ ਕੇਸ ਆਕਲੈਂਡ ਵਿੱਚੋਂ ਸਾਹਮਣੇ ਆਏ ਹਨ।
ਇਸ ਦੇ ਨਾਲ ਹੀ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਕੁੱਲ ਸੰਖਿਆ ਹੁਣ 801 ਹੋ ਗਈ ਹੈ। ਜਦਕਿ ਵਾਇਰਸ ਨਾਲ ਪੀੜਤ 79 ਲੋਕ ਤੰਦਰੁਸਤ ਹੋ ਗਏ ਹਨ, ਇਸ ਪ੍ਰਕੋਪ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 722 ਹੋ ਗਈ ਹੈ। ਬਲੂਮਫੀਲਡ ਨੇ ਕਿਹਾ, “ਸੰਖਿਆ ਵਿੱਚ ਲਗਾਤਾਰ ਗਿਰਾਵਟ ਇਹ ਸਾਬਿਤ ਕਰ ਰਹੀ ਹੈ ਕਿ ਆਕਲੈਂਡ ਵਿੱਚ ਅਲਰਟ ਲੈਵਲ 4 ਅਤੇ ਸਾਡੇ ਜਨਤਕ ਸਿਹਤ ਦੇ ਉਪਾਅ ਵਾਇਰਸ ਦੀ ਫੈਲਣ ਦੀ ਰਫਤਾਰ ਨੂੰ ਤੇਜ਼ੀ ਨਾਲ ਹੌਲੀ ਕਰ ਰਹੇ ਹਨ, ਹਾਲਾਂਕਿ ਅਜੇ ਵੀ ਸਾਨੂੰ ਵਧੇਰੇ ਚੌਕਸ ਰਹਿਣ ਦੀ ਜ਼ਰੂਰਤ ਹੈ।”