ਨਿਊਜ਼ੀਲੈਂਡ ਵਿੱਚ ਕੋਰੋਨਾ ਦੀ ਰਫਤਾਰ ਹੁਣ ਕੁੱਝ ਘੱਟਦੀ ਹੋਈ ਪ੍ਰਤੀਤ ਹੋ ਰਹੀ ਹੈ। ਰੋਜ਼ਾਨਾ ਵੱਡੀ ਗਿਣਤੀ ਵਿੱਚ ਸਾਹਮਣੇ ਆ ਰਹੇ ਮਾਮਲਿਆਂ ਵਿੱਚ ਵੀ ਹੁਣ ਕਮੀ ਆ ਰਹੀ ਹੈ। ਭਾਵੇਂ ਮਾਮਲਿਆਂ ਵਿੱਚ ਕਮੀ ਆ ਗਈ ਹੈ, ਪਰ ਖਤਰਾ ਅਜੇ ਵੀ ਬਰਕਰਾਰ ਹੈ। ਉੱਥੇ ਹੀ ਸੋਮਵਾਰ ਨੂੰ ਸਿਹਤ ਮੰਤਰਾਲੇ ਵੱਲੋ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਅੱਜ ਨਿਊਜ਼ੀਲੈਂਡ ਵਿੱਚ ਕਮਿਊਨਿਟੀ ਵਿੱਚ ਕੋਵਿਡ -19 ਦੇ 20 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਦੇਸ਼ ਵਿੱਚ ਕੁੱਲ ਕੇਸਾਂ ਦੀ ਗਿਣਤੀ 821 ਹੋ ਗਈ ਹੈ, ਜਿਨ੍ਹਾਂ ਵਿੱਚੋਂ 127 ਹੁਣ ਠੀਕ ਹੋ ਗਏ ਹਨ। ਹੁਣ ਆਕਲੈਂਡ ਵਿੱਚ 804 ਕੇਸ ਹਨ, ਜਦਕਿ ਵੈਲਿੰਗਟਨ ਵਿੱਚ 17 ਮਾਮਲੇ ਹਨ।
ਸਿਹਤ ਮੰਤਰਾਲੇ ਦੇ ਅਨੁਸਾਰ, ਇਨ੍ਹਾਂ ਵਿੱਚੋਂ 40 ਕੇਸ ਹਸਪਤਾਲ ਵਿੱਚ ਹਨ, ਜਿਨ੍ਹਾਂ ਵਿੱਚ ਛੇ ਆਈਸੀਯੂ ਜਾਂ ਉੱਚ ਨਿਰਭਰਤਾ ਯੂਨਿਟਾਂ ਵਿੱਚ ਹਨ। ਇਨ੍ਹਾਂ ਵਿੱਚੋਂ ਅੱਠ ਨੌਰਥ ਸ਼ੋਰ ਹਸਪਤਾਲ ਵਿੱਚ, 18 ਮਿਡਲਮੋਰ ਹਸਪਤਾਲ ਵਿੱਚ ਅਤੇ 14 ਆਕਲੈਂਡ ਸਿਟੀ ਹਸਪਤਾਲ ਵਿੱਚ ਹਨ।