ਤੁਰਕੀ ਵਿੱਚ ਖੇਡੀ ਜਾ ਰਹੀ ਤੁਰਕੀ ਫੁਟਬਾਲ ਲੀਗ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਅਜਿਹਾ ਇਸ ਲਈ ਹੋਇਆ ਕਿਉਂਕਿ ਇੱਕ ਮੈਚ ਤੋਂ ਬਾਅਦ ਇੱਕ ਫੁੱਟਬਾਲ ਕਲੱਬ ਦੇ ਮਾਲਕ ਨੇ ਮੈਚ ਰੈਫਰੀ ਨੂੰ ਮੁੱਕਾ ਮਾਰ ਦਿੱਤਾ, ਅਜਿਹੇ ਵਿੱਚ ਮਾਮਲਾ ਪੁਲਿਸ ਅਤੇ ਫਿਰ ਕੋਰਟ ਤੱਕ ਪਹੁੰਚਿਆ, ਜਿਸ ਤੋਂ ਬਾਅਦ ਅਜਿਹੇ ਮੁਸ਼ਕਿਲ ਫੈਸਲੇ ਦੇਖਣ ਨੂੰ ਮਿਲੇ ਹਨ। ਦਰਅਸਲ, ਸੋਮਵਾਰ ਰਾਤ ਨੂੰ ਅੰਕਾਰਾਗੁਕੂ ਅਤੇ ਰਿਜ਼ੇਸਪੋਰ ਵਿਚਾਲੇ ਮੈਚ ਸੀ। ਇਸ ਦੌਰਾਨ 97ਵੇਂ ਮਿੰਟ ਵਿੱਚ ਇੱਕ ਗੋਲ ਕੀਤਾ ਗਿਆ ਅਤੇ ਸਕੋਰ 1-1 ਨਾਲ ਬਰਾਬਰ ਰਿਹਾ। ਫਿਰ ਅੰਕਾਰਾਗੁਕੂ ਦੇ ਪ੍ਰਸ਼ੰਸਕ ਮੈਦਾਨ ਵਿੱਚ ਆ ਗਏ ਅਤੇ ਮਾਹੌਲ ਕਾਫੀ ਗਰਮ ਹੋ ਗਿਆ। ਇਸ ਦੌਰਾਨ ਅੰਕਾਰਾਗੁਕੂ ਦੇ ਪ੍ਰਧਾਨ ਫਾਰੂਕ ਕੋਕਾ ਵੀ ਮੈਦਾਨ ਵਿੱਚ ਆ ਗਏ ਅਤੇ ਰੈਫਰੀ ਹਲੀਲ ਉਮੁਤ ਮੇਲਰ ਨੂੰ ਮੁੱਕਾ ਮਾਰ ਦਿੱਤਾ।
ਇਸ ਘਟਨਾ ਤੋਂ ਬਾਅਦ ਰੈਫਰੀ ਨੂੰ ਤੁਰੰਤ ਉਥੋਂ ਚੁੱਕ ਕੇ ਡਰੈਸਿੰਗ ਰੂਮ ‘ਚ ਲਿਜਾਇਆ ਗਿਆ। ਇੰਨਾ ਹੀ ਨਹੀਂ, ਫਾਰੂਕ ਕੋਕਾ ਨੂੰ ਪੁਲਿਸ ਨੇ ਅਦਾਲਤ ਦੇ ਹੁਕਮਾਂ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ, ਹੁਣ ਉਸ ਨੂੰ ਦੋ ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਫਾਰੂਕ ਕੋਕਾ ਨੂੰ ਡਿਊਟੀ ਦੌਰਾਨ ਸਰਕਾਰੀ ਅਧਿਕਾਰੀ ‘ਤੇ ਹਮਲਾ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਘਟਨਾ ਤੋਂ ਬਾਅਦ ਇੱਥੇ ਹੋਣ ਵਾਲੇ ਸਾਰੇ ਮੈਚ ਰੋਕ ਦਿੱਤੇ ਗਏ ਹਨ ਅਤੇ ਅਗਲੇ ਹੁਕਮਾਂ ਤੱਕ ਇੱਥੇ ਕੋਈ ਮੈਚ ਨਹੀਂ ਖੇਡਿਆ ਜਾਵੇਗਾ। 37 ਸਾਲਾ ਰੈਫਰੀ ਹਲੀਲ ਉਮੁਤ ਮੇਲਰ ਜਿਸ ‘ਤੇ ਹਮਲਾ ਹੋਇਆ ਸੀ, ਉਹ ਫੀਫਾ ਦਾ ਸੀਨੀਅਰ ਰੈਫਰੀ ਹੈ, ਜਿਸ ਨੇ ਕਈ ਅੰਤਰਰਾਸ਼ਟਰੀ ਮੈਚਾਂ ਅਤੇ ਹੋਰ ਟੂਰਨਾਮੈਂਟਾਂ ‘ਚ ਕੰਮ ਕੀਤਾ ਹੈ।
ਇਹ ਮਾਮਲਾ ਕਿੰਨਾ ਵੱਧ ਗਿਆ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਤੁਰਕੀ ਦੇ ਰਾਸ਼ਟਰਪਤੀ ਐਰਦੋਗਨ ਨੇ ਵੀ ਇਸ ਮਾਮਲੇ ‘ਤੇ ਟਵੀਟ ਕੀਤਾ ਅਤੇ ਲਿਖਿਆ ਕਿ ਖੇਡਾਂ ‘ਚ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੀ ਕੋਈ ਲੋੜ ਨਹੀਂ, ਦੋਸ਼ੀਆਂ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ।