ਤੁਰਕੀ ਅਤੇ ਸੀਰੀਆ ਵਿੱਚ 6 ਫਰਵਰੀ ਨੂੰ ਆਏ ਭਿਆਨਕ ਭੂਚਾਲ ਕਾਰਨ ਹੁਣ ਤੱਕ 41,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਦੌਰਾਨ ਹੈਰਾਨੀ ਦੀ ਗੱਲ ਹੈ ਕਿ 9 ਦਿਨ ਬਾਅਦ ਵੀ ਲੋਕ ਮਲਬੇ ਹੇਠੋਂ ਬਾਹਰ ਨਿਕਲ ਰਹੇ ਹਨ। ਬਚਾਅ ਕਰਮੀਆਂ ਨੇ 227 ਘੰਟਿਆਂ ਬਾਅਦ ਮਲਬੇ ਵਿੱਚੋਂ 74 ਸਾਲਾ ਔਰਤ ਨੂੰ ਬਾਹਰ ਕੱਢਿਆ ਹੈ। ਇਹ ਘਟਨਾ ਕਾਹਰਾਨਮਾਰਸ ਦੀ ਹੈ। ਇਹ ਉਸ ਥਾਂ ਦੇ ਨੇੜੇ ਹੈ ਜੋ ਭੂਚਾਲ ਦਾ ਕੇਂਦਰ ਸੀ।
ਔਰਤ ਦੀ ਪਛਾਣ ਸੇਮੀਲ ਕੇਕ ਵਜੋਂ ਹੋਈ ਹੈ। ਇਸੇ ਸ਼ਹਿਰ ਵਿੱਚ ਪੰਜ ਘੰਟੇ ਪਹਿਲਾਂ ਇੱਕ 42 ਸਾਲਾ ਔਰਤ ਨੂੰ ਵੀ ਬਚਾਇਆ ਗਿਆ ਸੀ। ਇਸ ਦੇ ਨਾਲ ਹੀ ਮਲਬੇ ‘ਚੋਂ ਬਾਹਰ ਨਿਕਲੇ 17 ਸਾਲਾ ਵਿਦਿਆਰਥੀ ਨੇ ਆਪਣੀ ਤਕਲੀਫ ਦੱਸੀ। ਹਸਪਤਾਲ ਵਿਚ ਉਸ ਨੇ ਕਿਹਾ ਕਿ ਮੈਨੂੰ ਲੱਗਾ ਕਿ ਮੈਂ ਮਰਨ ਜਾ ਰਿਹਾ ਹਾਂ। ਬਾਹਰ ਨਿਕਲਣਾ ਅਸੰਭਵ ਸੀ। ਬਹੁਤ ਘੱਟ ਜਗ੍ਹਾ ਸੀ, ਇਹ ਧੂੜ ਨਾਲ ਭਰੀ ਹੋਈ ਸੀ ਅਤੇ ਸਾਹ ਲੈਣਾ ਸੱਚਮੁੱਚ ਮੁਸ਼ਕਿਲ ਸੀ, ਮੈਨੂੰ ਅਜੇ ਵੀ ਖੰਘ ਆ ਰਹੀ ਹੈ।