ਤੁਰਕੀ ਵਿੱਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 6.4 ਮਾਪੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਆਫਤ ਏਜੰਸੀ ਨੇ ਦੱਸਿਆ ਕਿ ਤੁਰਕੀ ਦੇ ਦੱਖਣੀ ਹਤਾਏ ਸੂਬੇ ‘ਚ 6.4 ਤੀਬਰਤਾ ਦਾ ਭੂਚਾਲ ਆਇਆ ਹੈ। ਤੁਰਕੀ ਵਿੱਚ ਐਂਟੀਓਕ ਨਾਮ ਦੀ ਜਗ੍ਹਾ ਨੂੰ ਇਸ ਭੂਚਾਲ ਦਾ ਕੇਂਦਰ ਦੱਸਿਆ ਜਾਂ ਰਿਹਾ ਹੈ। ਰਾਇਟਰਜ਼ ਮੁਤਾਬਿਕ ਸੀਰੀਆ ਮਿਸਰ ਅਤੇ ਲੇਬਨਾਨ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
ਜਾਣਕਾਰੀ ਮੁਤਾਬਿਕ ਭੂਚਾਲ ਸੋਮਵਾਰ ਰਾਤ 8.04 ਵਜੇ ਡਿਫਨੇ ਸ਼ਹਿਰ ‘ਚ ਆਇਆ ਅਤੇ ਉੱਤਰ ‘ਚ 200 ਕਿਲੋਮੀਟਰ ਦੂਰ ਅੰਟਾਕਿਆ ਅਤੇ ਅਡਾਨਾ ਸ਼ਹਿਰਾਂ ‘ਚ ਇਸ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਠੀਕ ਬਾਅਦ ਹਤਾਏ ਦੇ ਸਮੰਦਗ ਜ਼ਿਲ੍ਹੇ ਵਿੱਚ ਵੀ ਇੱਕ ਹੋਰ ਭੂਚਾਲ ਆਇਆ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 5.8 ਮਾਪੀ ਗਈ। ਇਹ ਭੂਚਾਲ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਤੁਰਕੀ ‘ਚ ਹਾਲ ਹੀ ‘ਚ ਆਏ ਭਿਆਨਕ ਭੂਚਾਲ ਨੇ ਤਬਾਹੀ ਮਚਾਈ ਹੋਈ ਹੈ। ਤੁਰਕੀ ਵਿੱਚ 6 ਫਰਵਰੀ ਨੂੰ ਆਏ ਵਿਨਾਸ਼ਕਾਰੀ ਭੂਚਾਲ ਦੇ ਮਲਬੇ ਵਿੱਚ ਦੱਬੇ ਲੋਕਾਂ ਦੀ ਭਾਲ ਅਤੇ ਬਚਾਅ ਕਾਰਜ ਆਪਣੇ ਅੰਤ ਵੱਲ ਵਧਣਾ ਸ਼ੁਰੂ ਹੋ ਗਿਆ ਹੈ।
ਭੂਚਾਲ ਪ੍ਰਭਾਵਿਤ 11 ਵਿੱਚੋਂ 9 ਸੂਬਿਆਂ ਵਿੱਚ ਬਚਾਅ ਕਾਰਜ ਪੂਰਾ ਹੋ ਗਿਆ ਹੈ। ਇਸ ਦੇ ਨਾਲ ਹੀ ਤੁਰਕੀ ਵਿੱਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 40,689 ਹੋ ਗਈ ਹੈ। ਫਿਲਹਾਲ ਡਿਮੋਲੇਸ਼ਨ ਟੀਮ ਮਲਬੇ ਦੇ ਢੇਰ ਨੂੰ ਹਟਾਉਣ ਦੇ ਕੰਮ ‘ਚ ਲੱਗੀ ਹੋਈ ਹੈ। ਤੁਰਕੀ ਵਿੱਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 40,689 ਹੋ ਗਈ ਹੈ। ਇਹ ਜਾਣਕਾਰੀ ਦੇਸ਼ ਦੀ ਆਫ਼ਤ ਏਜੰਸੀ ਏਐਫਏਡੀ ਦੇ ਮੁਖੀ ਯੂਨੁਸ ਸੇਜਰ ਨੇ ਦਿੱਤੀ। ਸ਼ਨੀਵਾਰ ਸ਼ਾਮ ਤੱਕ ਮਰਨ ਵਾਲਿਆਂ ਦੀ ਗਿਣਤੀ 47 ਵੱਧ ਗਈ ਹੈ।