ਅੱਜ ਅਮਰੀਕੀ ਰਾਜਨੀਤੀ ਵਿੱਚ ਇੱਕ ਵੱਡਾ ਦਿਨ ਹੈ। ਦਰਅਸਲ, ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਪਰਾਧਿਕ ਮਾਮਲੇ ‘ਚ ਨਿਊਯਾਰਕ ਦੀ ਮੈਨਹਟਨ ਕੋਰਟ ‘ਚ ਪੇਸ਼ ਹੋਣਗੇ। ਟਰੰਪ ‘ਤੇ 2016 ਦੀ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਪੋਰਨ ਸਟਾਰ ਸਟੋਰਮੀ ਡੇਨੀਅਲਜ਼ ਨੂੰ ਆਪਣਾ ਮੂੰਹ ਬੰਦ ਰੱਖਣ ਲਈ ਪੈਸੇ ਦੇਣ ਦਾ ਦੋਸ਼ ਹੈ। ਇਸ ਮਾਮਲੇ ‘ਚ ਟਰੰਪ ਦੀ ਅਦਾਲਤ ‘ਚ ਪੇਸ਼ੀ ਨੂੰ ਲੈ ਕੇ ਨਿਊਯਾਰਕ ‘ਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। 35000 ਜਵਾਨਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ।
ਟਰੰਪ ਅੱਜ ਅਦਾਲਤ ਵਿੱਚ ਮੁਲਜ਼ਮ ਵਜੋਂ ਪੇਸ਼ ਹੋਣਗੇ। ਟਰੰਪ ਦੇ ਫਿਗਰ ਪ੍ਰਿੰਟ ਲਏ ਜਾਣਗੇ, ਨਾਲ ਹੀ ਉਨ੍ਹਾਂ ਦੀ ਮਗਸ਼ਾਟ ਫੋਟੋ ਵੀ ਲਈ ਜਾ ਸਕਦੀ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਕਿਸੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਅਤੇ ਉਸ ਵਿਰੁੱਧ ਕੇਸ ਦਰਜ ਕੀਤਾ ਜਾਂਦਾ ਹੈ। ਅਮਰੀਕੀ ਸਮੇਂ ਮੁਤਾਬਿਕ ਦੁਪਹਿਰ 2.15 ਵਜੇ ਟਰੰਪ ਜੱਜ ਜੁਆਨ ਮਾਰਚੇਨ ਦੇ ਸਾਹਮਣੇ ਪੇਸ਼ ਹੋਣਗੇ। ਟਰੰਪ ਦੇ ਸਮਰਥਕ ਅਤੇ ਵਿਰੋਧੀ ਦੋਵੇਂ ਅਦਾਲਤ ਦੇ ਬਾਹਰ ਇਕੱਠੇ ਹੋ ਗਏ ਹਨ।
ਹਾਲਾਂਕਿ ਇਹ ਕਿਹਾ ਗਿਆ ਹੈ ਕਿ ਟਰੰਪ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਸਵੀਕਾਰ ਨਹੀਂ ਕਰਨਗੇ। ਟਰੰਪ ਅਦਾਲਤ ਵਿਚ ਪੇਸ਼ ਹੋਣ ਲਈ ਕੱਲ੍ਹ ਨਿਊਯਾਰਕ ਪਹੁੰਚੇ ਸਨ। ਮੁਕੱਦਮੇ ਤੋਂ ਬਾਅਦ ਉਹ ਫਲੋਰੀਡਾ ਵਾਪਿਸ ਆ ਜਾਣਗੇ। ਟਰੰਪ ਅਮਰੀਕਾ ਦੇ ਪਹਿਲੇ ਸਾਬਕਾ ਰਾਸ਼ਟਰਪਤੀ ਹਨ, ਜਿਨ੍ਹਾਂ ਵਿਰੁੱਧ ਅਪਰਾਧਿਕ ਮਾਮਲੇ ਵਿਚ ਦੋਸ਼ ਆਇਦ ਕੀਤੇ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਸੁਣਵਾਈ 10 ਤੋਂ 15 ਮਿੰਟ ਦੀ ਹੋ ਸਕਦੀ ਹੈ। ਇਸ ‘ਚ ਟਰੰਪ ‘ਤੇ ਲੱਗੇ ਦੋਸ਼ਾਂ ਨੂੰ ਪੜ੍ਹ ਕੇ ਸੁਣਾਇਆ ਜਾਵੇਗਾ। ਟਰੰਪ ਅਤੇ ਪੋਰਨ ਸਟਾਰ ਵਿਚਾਲੇ ਇਹ ਵਿਵਾਦ 2006 ਵਿੱਚ ਸ਼ੁਰੂ ਹੋਇਆ ਸੀ। ਦੋਵਾਂ ਦੀ ਮੁਲਾਕਾਤ ਇੱਕ ਟੂਰਨਾਮੈਂਟ ਦੌਰਾਨ ਹੋਈ ਸੀ। ਉਸ ਸਮੇਂ ਟਰੰਪ 60 ਅਤੇ ਸਟੋਰਮੀ 27 ਸਾਲ ਦੇ ਸਨ। ਦੋਵਾਂ ਵਿਚਾਲੇ ਇੱਕ ਹੋਟਲ ਵਿੱਚ ਸਬੰਧ ਬਣੇ ਸਨ। 2011 ਵਿੱਚ, ਡੇਨੀਅਲਸ ਨੇ ਇੱਕ ਇੰਟਰਵਿਊ ਵਿੱਚ ਟਰੰਪ ਨਾਲ ਸਬੰਧਾਂ ਬਾਰੇ ਚਰਚਾ ਕੀਤੀ ਸੀ।
ਇਸ ਤੋਂ ਬਾਅਦ ਜਦੋਂ ਟਰੰਪ 2016 ‘ਚ ਰਾਸ਼ਟਰਪਤੀ ਚੋਣ ‘ਚ ਖੜ੍ਹੇ ਹੋਏ ਤਾਂ ਉਨ੍ਹਾਂ ਨੇ ਸਟੋਰਮੀ ਨੂੰ 1 ਲੱਖ 30 ਹਜ਼ਾਰ ਡਾਲਰ ਦਿੱਤੇ ਤਾਂ ਕਿ ਉਹ ਇਸ ਮਾਮਲੇ ‘ਤੇ ਕੁੱਝ ਨਾ ਬੋਲੇ। ਟਰੰਪ ਨੇ ਇਹ ਪੈਸਾ ਆਪਣੇ ਵਕੀਲ ਮਾਈਕਲ ਕੋਹੇਨ ਰਾਹੀਂ ਭੇਜਿਆ ਸੀ। ਇਸ ਡੀਲ ਦੀ ਖਬਰ 2018 ‘ਚ ਸਾਹਮਣੇ ਆਈ ਸੀ।ਟਰੰਪ ਅਤੇ ਕੋਹੇਨ ਨੇ ਇਸ ਦਾ ਖੰਡਨ ਕੀਤਾ ਸੀ। ਕੋਹੇਨ ਨੇ ਬਾਅਦ ਵਿੱਚ ਦੋਸ਼ ਸਵੀਕਾਰ ਕਰ ਲਿਆ।
ਪਿਛਲੇ ਸਾਲ ਦਸੰਬਰ ‘ਚ ਟਰੰਪ ਆਰਗੇਨਾਈਜ਼ੇਸ਼ਨ ਨੂੰ ਟੈਕਸੀ ਚੋਰੀ ਦਾ ਦੋਸ਼ੀ ਪਾਇਆ ਗਿਆ ਸੀ ਅਤੇ ਕੰਪਨੀ ‘ਤੇ 1.6 ਮਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਸੀ। ਟਰੰਪ ‘ਤੇ ਪੋਰਨ ਸਟਾਰ ਨੂੰ ਦਿੱਤੇ ਗਏ ਪੈਸੇ ਨੂੰ ਕਾਨੂੰਨੀ ਫੀਸ ਦੱਸਣ ਦਾ ਦੋਸ਼ ਹੈ। ਉਹ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸ ਰਿਹਾ ਹੈ। ਜੇਕਰ ਟਰੰਪ ਇਸ ਮਾਮਲੇ ‘ਚ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ 4 ਸਾਲ ਦੀ ਸਜ਼ਾ ਹੋ ਸਕਦੀ ਹੈ। ਹਾਲਾਂਕਿ, ਉਨ੍ਹਾਂ ਦੇ ਜੇਲ੍ਹ ਜਾਣ ਨਾਲ 2024 ਵਿੱਚ ਰਾਸ਼ਟਰਪਤੀ ਵਜੋਂ ਉਨ੍ਹਾਂ ਦੀ ਚੋਣ ‘ਤੇ ਕੋਈ ਅਸਰ ਨਹੀਂ ਪਵੇਗਾ। ਦੋਸ਼ੀ ਪਾਏ ਜਾਣ ਅਤੇ ਸਜ਼ਾ ਹੋਣ ਤੋਂ ਬਾਅਦ ਚੋਣ ਲੜਨ ‘ਤੇ ਕੋਈ ਰੋਕ ਨਹੀਂ ਹੈ। ਹਾਲਾਂਕਿ ਜੇਕਰ ਉਹ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਨੂੰ ਸਜ਼ਾ ਪੂਰੀ ਕਰਨੀ ਪਵੇਗੀ ਅਤੇ ਉਹ ਜੇਲ੍ਹ ਤੋਂ ਸਰਕਾਰ ਚਲਾ ਸਕਦੇ ਹਨ। ਟਰੰਪ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਲੜਨ ਦੀਆਂ ਤਿਆਰੀਆਂ ‘ਚ ਲੱਗੇ ਹੋਏ ਹਨ।