ਬੀਤੇ ਕੁੱਝ ਦਿਨਾਂ ਤੋਂ ਪੰਜਾਬ ਵਿੱਚ 2 ਮਸਲੇ ਮੀਡੀਆ ਦੀਆਂ ਸੁਰਖੀਆਂ ਤੋਂ ਲੈ ਕੇ ਆਮ ਲੋਕਾਂ ਦੀ ਚਰਚਾ ਵਿੱਚ ਹਨ, ਪਹਿਲਾ ਕਾਂਗਰਸ ਪਾਰਟੀ ਦਾ ਕਾਟੋ ਕਲੇਸ਼ ਤੇ ਨਵਜੋਤ ਸਿੱਧੂ ਦਾ ਪ੍ਰਧਾਨ ਬਣਨਾਂ ਅਤੇ ਦੂਜਾ ਵਿਆਹ ਕਰਵਾ ਕੇ ਵਿਦੇਸ਼ ਗਈਆਂ ਪੰਜਾਬੀਆਂ ਕੁੜੀਆਂ ਦਾ। ਪੰਜਾਬ ਦੇ ਨੌਜਵਾਨ ਲਗਾਤਾਰ ਵਿਦੇਸ਼ ਜਾਣ ਲਈ ਕਈ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਰਹੇ ਹਨ। ਜ਼ਿਆਦਾਤਰ ਨੌਜਵਾਨ ਮੁੰਡੇ ਕੁੜੀਆਂ ਦਾ ਸਹਾਰਾ ਲੈ ਕੇ ਵਿਦੇਸ਼ ਜਾਣਾ ਚਾਹੁੰਦੇ ਹਨ ਪਰ ਹੁਣ ਦੇ ਸਮੇਂ ਅਨੇਕਾਂ ਨੌਜਵਾਨ ਇਸ ਤਰ੍ਹਾਂ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਹੁਣ ਤਾਜ਼ਾ ਮਾਮਲਾ ਲਵਪ੍ਰੀਤ ਦਾ ਹੀ ਦੇਖਿਆ ਜਾ ਸਕਦਾ ਹੈ। ਜਿਸ ਤੋਂ ਬਾਅਦ ਇਸ ਤਰਾਂ ਦੇ ਅਨੇਕਾਂ ਹੀ ਮਾਮਲੇ ਸਾਹਮਣੇ ਆਏ ਹਨ, ਇਸੇ ਦੇ ਚਲਦੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ Justin Trudeau ਨੂੰ ਇੱਕ ਪੱਤਰ ਲਿਖਿਆ ਸੀ ਜਿਸ ‘ਚ ਉਨ੍ਹਾਂ ਨੇ ਦਿਨੋ-ਦਿਨ ਵੱਧਦੇ ਜਾ ਰਹੇ ਧੋਖੇਧੜੀ ਦੇ ਮਾਮਲਿਆਂ ਬਾਰੇ ਉਨ੍ਹਾਂ ਸਾਹਮਣੇ ਕੁੱਝ ਗੱਲਾਂ ਰੱਖੀਆਂ ਗਈਆਂ ਸੀ।
ਇਸ ਚਿੱਠੀ ਵਿੱਚ ਮਨੀਸ਼ਾ ਗੁਲਾਟੀ ਵੱਲੋਂ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਇਸ ਤਰ੍ਹਾਂ ਦੀਆਂ ਧੋਖਾਧੜੀ ਦੀਆਂ ਘਟਨਾਵਾਂ ’ਤੇ ਸਖ਼ਤ ਕਾਰਵਾਈ ਦੀ ਅਪੀਲ ਕੀਤੀ ਗਈ ਸੀ। ਇਸ ਤੋਂ ਬਾਅਦ ਇੱਕ PC ਦੌਰਾਨ ਟਰੂਡੋ ਨੇ ਅਜਿਹੀਆਂ ਘਟਾਨਾਵਾਂ ਨੂੰ ਮੰਦਭਾਗਾ ਦੱਸਦਿਆਂ ਅਜਿਹੀਆਂ ਘਟਨਾਵਾਂ ‘ਤੇ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਦਰਅਸਲ, ਟਰੂਡੋ ਨੇ ਇਸ ਮਾਮਲੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਬਹੁਤ ਸਾਰੇ ਲੋਕ ਕੈਨੇਡਾ ਆ ਕੇ ਆਪਣੇ ਭਵਿੱਖ ਨੂੰ ਸੁਨਹਿਰੀ ਬਣਾਉਣਾ ਚਾਹੁੰਦੇ ਹਨ, ਪਰ ਕੁੱਝ ਗਲਤ ਲੋਕਾਂ ਦੇ ਹੱਥ ਚੜ੍ਹ ਕੇ ਉਹ ਆਪਣੇ ਇਸ ਸੁਪਨੇ ਨੂੰ ਪੂਰਾ ਨਹੀਂ ਕਰ ਪਾਉਂਦੇ। ਜਿਸ ਕਾਰਨ ਅਜਿਹੇ ਲੋਕਾਂ ਖਿਲਾਫ਼ ਕੈਨੇਡਾ ਸਰਕਾਰ ਵੱਲੋਂ ਸਖਤ ਕਦਮ ਚੁੱਕੇ ਜਾਣਗੇ।
”ਬਹੁਤ ਸਾਰੇ ਲੋਕ ਨੇ ਦੁਨੀਆਂ ‘ਚ ਜਿਹੜੇ ਕੈਨੇਡਾ ਆਉਣਾ ਚਾਹੁੰਦੇ ਨੇ, ਪਰ ਲੋਕ ਫਰਾਡ ਇਮੀਗ੍ਰੇਸ਼ਨ ਕੰਸਲਟੈਂਟਾਂ ਦੇ ਜਾਲ ‘ਚ ਫਸ ਜਾਂਦੇ ਨੇ ਉਨਾਂ ਨੂੰ ਕੈਨੇਡਾ ਸਰਕਾਰ ਦੀ ਆਫੀਸ਼ਲ ਵੈਬਸਾਈਟ ‘ਤੇ ਸਰਚ ਕਰਨੀ ਚਾਹੀਦੀ ਹੈ, ਤਾਂ ਜੋ ਉਹ ਧੋਖਾਧੜੀ ਤੋਂ ਬੱਚ ਸਕਣ, ਇਹ ਮੈਂ ਉਨਾਂ ਲੋਕਾਂ ਲਈ ਕਹਿ ਰਿਹਾ ਜੋ ਕੈਨੇਡਾ ਆ ਕੇ ਆਪਣੀ ਜ਼ਿੰਦਗੀ ਨੂੰ ਬਹਿਤਰ ਬਣਾਉਣਾ ਚਾਹੁੰਦੇ ਨੇ, ਜਿਹੜੇ ਕੈਨੇਡਾ ਸਰਕਾਰ ਦੇ ਮਨਜ਼ੂਰ ਸ਼ੁਦਾ ਏਜੇਂਟ ਹਨ ਉਹ ਤੁਹਾਨੂੰ ਸਹੀ ਪ੍ਰੋਸੈਸ ਦੇ ਨਾਲ ਸਭ ਸਮਝਾਉਂਦੇ ਨੇ ਪਰ ਜੋ ਗੈਰ ਕਾਨੂੰਨੀ ਏਜੇਂਟ ਨੇ ਉਹ ਤੁਹਾਨੂੰ ਝੂਠੇ ਵਾਅਦੇ ਕਰਦੇ ਹਨ, ਅਜਿਹੇ ਏਜੇਂਟਾਂ ‘ਤੇ ਸ਼ਿਕੰਜਾ ਕਸਣ ਲਈ ਕੈਨੇਡਾ ਸਰਕਾਰ ਬਹੁਤ ਸਾਰੇ ਯਤਨ ਕਰ ਰਹੀ ਹੈ, ਲੋਕਾਂ ਨੂੰ ਅਪੀਲ ਹੈ ਕਿ ਅਜਿਹੇ ਧੋਖੇਬਾਜ਼ ਏਜੇਂਟਾਂ ਤੋਂ ਬੱਚਣ ਦੇ ਲਈ ਕੈਨੇਡਾ ਸਰਕਾਰ ਦੀ ਵੈਬਸਾਈਟ ਜਰੂਰ ਚੈੱਕ ਕਰੋ, ਅਸੀਂ ਤੁਹਾਡੇ ਲਈ ਉਹ ਸਭ ਕੁੱਝ ਕਰਾਂਗੇ ਜੋ ਕਰ ਸਕਦੇ ਹਾਂ ਅਜਿਹੇ ਧੋਖਿਆਂ ਤੋਂ ਬਚਾਉਣ ਦੇ ਲਈ, ਆਪਣੇ ਪਰਿਵਾਰਾਂ ਨੂੰ ਵੀ ਇਸ ਬਾਰੇ ਜਾਣਕਾਰੀ ਦਿਓ ਕਿ ਕੈਨੇਡਾ ਸਰਕਾਰ ਦੀ ਵੈਬਸਾਈਟ ‘ਤੇ ਸਭ ਕੁੱਝ ਦੇਖ ਕੇ ਸਮਝਕੇ ਹੀ ਆਪਣਾ ਪ੍ਰੋਸੈਸ ਸ਼ੁਰੂ ਕਰੋ ਤਾਂ ਜੋ ਧੋਖੇਬਾਜ਼ਾਂ ਤੋਂ ਬੱਚ ਸਕੋਂ।”
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਵੱਲੋਂ ਇੱਥੇ ਆਉਣ ਵਾਲੇ ਲੋਕਾਂ ‘ਤੇ ਕਿਸੇ ਵੀ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਲਗਾਈ ਜਾਵੇਗੀ, ਪਰ ਧੋਖਾਧੜੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਸੀਂ ਇਮੀਗ੍ਰੇਸ਼ਨ ਦੇ ਕਾਨੂੰਨ ਹੋਰ ਖੋਲ੍ਹਾਂਗੇ ਤਾਂ ਜੋ ਲੋਕ ਆਪਣਿਆਂ ਪਰਿਵਾਰਾਂ ਦੇ ਸਣੇ ਕੈਨੇਡਾ ਆ ਸਕਣ, ਕਿਸੇ ਦਿਨ ਤਿਓਹਾਰ ਜਾ ਅੰਤਿਮ ਸਸਕਾਰ ਤੇ ਵਿਆਹ ਸ਼ਾਦੀ ਆਦਿ ਦੇ ਮੌਕੇ ਲੋਕ ਕੈਨੇਡਾ ਆ ਸਕਣ, ਕੈਨੇਡਾ ਚਾਹੁੰਦਾ ਹੈ ਕੇ ਇੱਥੇ ਜ਼ਿਆਦਾ ਤੋਂ ਜ਼ਿਆਦਾ ਲੋਕ ਆਉਣ ਤੇ ਆਪਣੀ ਜ਼ਿੰਦਗੀ ਸੁਧਾਰਨ, ਅਸੀਂ ਵਾਅਦਾ ਕਰਦੇ ਹਾਂ ਕਿ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਸਮਾਰਟ ਤੇ ਮਜ਼ਬੂਤ ਬਣਿਆ ਰਹੇਗਾ ਤਾਂ ਜੋ ਅਸੀਂ ਆਪਣੇ ਮੁਲਕ ਕੈਨੇਡਾ ਨੂੰ ਹੋਰ ਬਹਿਤਰ ਬਣਾ ਸਕੀਏ।” ਜਸਟਿਨ ਟਰੂਡੋ ਵੱਲੋਂ ਧੋਖਾਧੜੀ ਦੇ ਮਾਮਲਿਆਂ ’ਤੇ ਸਖ਼ਤ ਕਾਰਵਾਈ ਕਰਨ ਦੇ ਭਰੋਸੇ ਤੋਂ ਬਾਅਦ ਮਨੀਸ਼ਾ ਗੁਲਾਟੀ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ਹੈ । ਇਸ ਸਬੰਧੀ ਸੋਸ਼ਲ ਮੀਡੀਆ ’ਤੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਕੈਨੇਡਾ ਦੇ ਮਾਨਯੋਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜੀ ਦਾ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਨੇ ਮੇਰਾ ਪੱਖ ਸੁਣਿਆ ਅਤੇ ਸਮਝਿਆ।