ਇੰਡੀਅਨ ਪ੍ਰੀਮੀਅਰ ਲੀਗ (IPL) ਟੀਮ ਪੰਜਾਬ ਕਿੰਗਜ਼ (PBKS) ਨੂੰ ਨਵਾਂ ਮੁੱਖ ਕੋਚ ਮਿਲ ਗਿਆ ਹੈ। ਇੰਗਲੈਂਡ ਦੀ ਟੀਮ ਨੂੰ ਵਿਸ਼ਵ ਕੱਪ ਜਿਤਾਉਣ ਵਾਲੇ ਟ੍ਰੇਵਰ ਬੇਲਿਸ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। 59 ਸਾਲਾ ਬੇਲਿਸ ਇਸ ਤੋਂ ਪਹਿਲਾਂ ਸਨਰਾਈਜ਼ਰਜ਼ ਹੈਦਰਾਬਾਦ (SRH) ਦੇ ਮੁੱਖ ਕੋਚ ਰਹਿ ਚੁੱਕੇ ਹਨ। ਹੁਣ ਪੰਜਾਬ ਕਿੰਗਜ਼ ਨੂੰ ਉਮੀਦ ਹੈ ਕਿ ਟ੍ਰੇਵਰ ਬੇਲਿਸ ਟੀਮ ਦੇ ਖਿਤਾਬੀ ਸੋਕੇ ਨੂੰ ਖਤਮ ਕਰਨ ‘ਚ ਕਾਮਯਾਬ ਹੋਣਗੇ। ਆਸਟ੍ਰੇਲੀਆਈ ਬੇਲਿਸ ਭਾਰਤ ਦੇ ਮਹਾਨ ਖਿਡਾਰੀ ਅਨਿਲ ਕੁੰਬਲੇ ਦੀ ਜਗ੍ਹਾ ਲਵੇਗਾ, ਜਿਸਦਾ ਇਕਰਾਰਨਾਮਾ ਨਹੀਂ ਵਧਾਇਆ ਗਿਆ ਸੀ ਕਿਉਂਕਿ ਟੀਮ ਕੁੰਬਲੇ ਦੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਪਲੇਆਫ ਵਿੱਚ ਪਹੁੰਚਣ ਵਿੱਚ ਵੀ ਅਸਫਲ ਰਹੀ ਸੀ।
2019 ਵਿੱਚ, ਟ੍ਰੇਵਰ ਬੇਲਿਸ ਦੀ ਕੋਚਿੰਗ ਵਿੱਚ, ਇੰਗਲੈਂਡ ਦੀ ਟੀਮ ਨੇ ਪਹਿਲੀ ਵਾਰ 50 ਓਵਰਾਂ ਦੇ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। ਟ੍ਰੇਵਰ ਬੇਲਿਸ ਟੀਮ ਦੇ ਸਹਿਯੋਗੀ ਸਟਾਫ ਦਾ ਹਿੱਸਾ ਵੀ ਸਨ ਜਦੋਂ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੇ 2012 ਅਤੇ 2014 ਵਿੱਚ ਆਈਪੀਐਲ ਖਿਤਾਬ ਜਿੱਤਿਆ ਸੀ। ਬੇਲਿਸ ਵਰਲਡ ਕੱਪ ਜਿੱਤਣ ਤੋਂ ਬਾਅਦ 2019 ਦੇ ਆਈਪੀਐਲ ਸੀਜ਼ਨ ਵਿੱਚ ਸਨਰਾਈਜ਼ਰਸ ਹੈਦਰਾਬਾਦ ਟੀਮ ਦੇ ਕੋਚ ਬਣੇ ਸਨ। ਉਨ੍ਹਾਂ ਨੇ ਇੱਕ ਦਹਾਕਾ ਪਹਿਲਾਂ ਬਿਗ ਬੈਸ਼ ਲੀਗ (ਬੀਬੀਐਲ) ਦੇ ਪਹਿਲੇ ਸੀਜ਼ਨ ਵਿੱਚ ਸਿਡਨੀ ਸਿਕਸਰਸ ਨੂੰ ਖਿਤਾਬ ਤੱਕ ਪਹੁੰਚਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਬੇਲਿਸ ਨੇ ਸ਼ੈਫੀਲਡ ਸ਼ੀਲਡ ਵਿੱਚ ਨਿਊ ਸਾਊਥ ਵੇਲਜ਼ ਦੀ ਕੋਚਿੰਗ ਵੀ ਕੀਤੀ ਹੈ।