ਲਾਗੋਸ, ਨਾਈਜੀਰੀਆ ਵਿੱਚ ਇੱਕ ਯਾਤਰੀ ਬੱਸ ਨਾਲ ਰੇਲ ਗੱਡੀ ਦੀ ਟੱਕਰ ਵਿੱਚ ਛੇ ਲੋਕਾਂ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਦਕਿ ਹਾਦਸੇ ਵਿੱਚ ਦਰਜਨਾਂ ਲੋਕ ਜ਼ਖਮੀ ਹੋ ਗਏ ਹਨ। ਦੇਸ਼ ਦੀ ਐਮਰਜੈਂਸੀ ਰਿਸਪਾਂਸ ਏਜੰਸੀ ਨੇ ਇਹ ਜਾਣਕਾਰੀ ਦਿੱਤੀ ਹੈ। ਏਜੰਸੀ ਮੁਤਾਬਿਕ ਬੱਸ ‘ਚ ਸਰਕਾਰੀ ਮੁਲਾਜ਼ਮ ਸਵਾਰ ਸਨ, ਜੋ ਕੰਮ ‘ਤੇ ਜਾ ਰਹੇ ਸਨ। ਇਸ ਦੌਰਾਨ ਬੱਸ ਇੰਟਰਸਿਟੀ ਟਰੇਨ ਨਾਲ ਟਕਰਾ ਗਈ।
ਨਾਈਜੀਰੀਆ ਦੀ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਮੁਤਾਬਿਕ ਇਸ ਹਾਦਸੇ ‘ਚ ਹੁਣ ਤੱਕ 84 ਲੋਕਾਂ ਨੂੰ ਬਚਾ ਲਿਆ ਗਿਆ ਹੈ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਫਿਲਹਾਲ ਛੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੁਖੀ ਇਬਰਾਹਿਮ ਫਰੀਨਲੋਏ ਨੇ ਦੱਸਿਆ ਕਿ ਸਾਰੇ ਜ਼ਖਮੀ ਇੱਕੋ ਬੱਸ ‘ਚ ਸਵਾਰ ਸਨ। ਟਰੇਨ ‘ਚ ਸਵਾਰ ਕਿਸੇ ਵੀ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ।
ਦੂਜੇ ਪਾਸੇ ਮੀਡੀਆ ਰਿਪੋਰਟਾਂ ਮੁਤਾਬਿਕ ਲਾਗੋਸ ਸਟੇਟ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਸਕੱਤਰ ਓਲੁਫੇਮੀ ਓਕੇ-ਓਸਾਨੰਤੋਲੂ ਨੇ ਕਿਹਾ ਕਿ ਹਾਦਸੇ ਵਿੱਚ ਸ਼ਾਮਿਲ ਬੱਸ ਡਰਾਈਵਰ ਨੇ ਟਰੈਫਿਕ ਸਿਗਨਲ ਨਹੀਂ ਦੇਖਿਆ ਅਤੇ ਉਸ ਦੀ ਲਾਪਰਵਾਹੀ ਕਾਰਨ ਇੰਨੀ ਵੱਡੀ ਘਟਨਾ ਵਾਪਰੀ ਹੈ।