ਮੌਜੂਦਾ ਸਮੇਂ ਵਿੱਚ ਹਰ ਨੌਜਵਾਨ ਵਿਦੇਸ਼ ਜਾ ਕੇ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦਾ ਹੈ । ਜਿਸ ਕਾਰਨ ਬੱਚਿਆਂ ਦੇ ਮਾਪੇ ਉਨ੍ਹਾਂ ਦੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਲੱਖਾਂ ਰੁਪਏ ਖਰਚ ਕੇ ਉਨ੍ਹਾਂ ਨੂੰ ਵਿਦੇਸ਼ ਭੇਜਦੇ ਹਨ । ਪਰ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਵਿਦੇਸ਼ ਵਿੱਚ ਉਨ੍ਹਾਂ ਨਾਲ ਜੇ ਕੋਈ ਅਣਹੋਣੀ ਘਟਨਾ ਵਾਪਰ ਜਾਵੇ ਤਾਂ ਕੀ ਹੋਵੇਗਾ। ਪਰ ਜਦੋਂ ਵਿਦੇਸ਼ਾਂ ਵਿੱਚ ਗਏ ਪੰਜਾਬੀਆਂ ਨਾਲ ਕੋਈ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਤਾਂ ਸਭ ਦੇ ਮਨ ਦੁਖੀ ਹੋ ਜਾਂਦੇ ਹਨ। ਹੁਣ ਅਜਿਹੀ ਹੀ ਦੁਖਦਾਈ ਖ਼ਬਰ ਨਿਊਜ਼ੀਲੈਂਡ ‘ਚ ਵੱਸਦੇ ਪੰਜਾਬੀ ਭਾਈਚਾਰੇ ਲਈ ਆਈ ਹੈ।
ਦਰਅਸਲ ਕੁਈਨਜ਼ਟਾਊਨ ‘ਚ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਪੰਜਾਬੀ ਨੌਜਵਾਨ ਤੇਜਿੰਦਰ ਸਿੰਘ ਦੀ ਮੌਤ ਹੋ ਗਈ ਹੈ। ਤੇਜਿੰਦਰ ਸਿੰਘ ਦੀ ਉਮਰ 27 ਸਾਲ ਸੀ ਅਤੇ ਮਾਪਿਆਂਦਾ ਇਕਲੌਤਾ ਪੁੱਤਰ ਸੀ। ਜਾਣਕਾਰੀ ਦੇ ਅਨੁਸਾਰ ਹਾਦਸਾ ਕੁਈਨਜ਼ਟਾਊਨ ਦੇ ਜੈਕ ਪੋਇੰਟ ਕਿੰਗਸਟਨ ਰੋਡ ‘ਤੇ ਵਾਪਰਿਆ ਸੀ ਇਸ ਦੌਰਾਨ ਤੇਜਿੰਦਰ ਦੇ ਨਾਲ ਉਸ ਦਾ ਇੱਕ ਦੋਸਤ ਵੀ ਸੀ ਜੋ ਹਾਦਸੇ ‘ਚ ਗੰਭੀਰ ਜਖਮੀ ਹੋਇਆ ਹੈ ਤੇ ਇਸ ਵੇਲੇ ਹਸਪਤਾਲ ਵਿੱਚ ਇਲਾਜ ਅਧੀਨ ਹੈ। ਤੇਜਿੰਦਰ ਪੰਜਾਬ ਦੇ ਪਿੰਡ ਕਾਲਰਾ (ਆਦਮਪੁਰ) ਜ਼ਿਲ੍ਹਾ ਜਲੰਧਰ ਨਾਲ ਸਬੰਧਿਤ ਸੀ ਅਤੇ ਨਿਊਜ਼ੀਲੈਂਡ ‘ਚ 206, ਫਰਨਹਿਲ ਰੋਡ, ਕੁਈਨਜ਼ਟਾਊਨ ਵਿਖੇ ਰਹਿੰਦਾ ਸੀ।