ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਨੂੰ 7 ਮਹੀਨੇ ਪੂਰੇ ਹੋਣ ਵਾਲੇ ਹਨ। ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਪਰ ਹੁਣ ਜਿਵੇਂ ਹੀ ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਕਮਜ਼ੋਰ ਹੋਣ ਹੋ ਰਹੀ ਕਿਸਾਨਾਂ ਦਾ ਅੰਦੋਲਨ ਓਦਾਂ ਹੀ ਇੱਕ ਵਾਰ ਫਿਰ ਤੇਜ਼ ਹੋ ਰਿਹਾ ਹੈ। ਕਿਸਾਨ ਸੰਗਠਨਾਂ ਨੇ ਇੱਕ ਵਾਰ ਫਿਰ ਦਿੱਲੀ ਕੂਚ ਦੀ ਗੱਲ ਕਹੀ ਹੈ। ਇਸ ਦੇ ਲਈ, ਵੀਰਵਾਰ ਰਾਤ ਤੋਂ ਹੀ ਟਰੈਕਟਰ ਦਿੱਲੀ-ਯੂਪੀ ਦੀਆਂ ਸਰਹੱਦਾਂ ‘ਤੇ ਪਹੁੰਚਣੇ ਜਾਰੀ ਹਨ।
ਸ਼ੁੱਕਰਵਾਰ ਨੂੰ ਇੱਥੇ ਟਰੈਕਟਰ ਮਾਰਚ ਦੀ ਰਿਹਰਸਲ ਵੀ ਕੀਤੀ ਗਈ ਹੈ। ਭਾਰਤੀ ਕਿਸਾਨ ਯੂਨੀਅਨ ਦੇ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਇਹ ਰਿਹਰਸਲ ਹੋ ਰਹੀ ਹੈ ਕਿਉਂਕਿ 26 ਵੀਂ ਨੇੜੇ ਹੈ, ਕਿਸਾਨ 26 ਤਰੀਕ ਨੂੰ ਕਦੇ ਵੀ ਨਹੀਂ ਭੁੱਲੇਗਾ। ਹਰ ਮਹੀਨੇ 26 ਤਰੀਕ ਆਵੇਗੀ, ਕਿਸਾਨ ਟਰੈਕਟਰਾਂ ਦੀ ਰਿਹਰਸਲ ਕਰਨਗੇ। ਰਾਕੇਸ਼ ਟਿਕੈਤ ਨੇ ਕਿਹਾ ਕਿ ਟਰੈਕਟਰ ਦਿੱਲੀ ਦਾ ਰਸਤਾ ਨਾ ਭੁੱਲ ਜਾਣ, ਇਸ ਲਈ ਇੰਨਾਂ ਦੀ ਰਿਹਰਸਲ ਕਰਵਾਉਣੀ ਪੈਦੀ ਹੈ। ਸਾਨੂੰ ਉਮੀਦ ਹੈ ਕਿ ਸਰਕਾਰ ਗੱਲਬਾਤ ਕਰੇਗੀ। ਜੇ ਨਹੀਂ ਕਰਦੀ, ਤਾਂ ਅਸੀਂ ਅਗਲਾ ਕਦਮ ਚੁੱਕਾਂਗੇ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਭਾਰਤ ਸਰਕਾਰ ਕਾਨੂੰਨ ਵਾਪਿਸ ਨਹੀਂ ਲੈਂਦੀ ਅਤੇ ਐਮਐਸਪੀ ‘ਤੇ ਕੋਈ ਕਾਨੂੰਨ ਨਹੀਂ ਬਣਾਉਂਦੀ। ਰਾਕੇਸ਼ ਟਿਕੈਤ ਨੇ ਇਸ ਸਬੰਧੀ ਬੀਤੇ ਦਿਨ ਇੱਕ ਟਵੀਟ ਵੀ ਕੀਤਾ ਸੀ।
ਮਹੱਤਵਪੂਰਨ ਗੱਲ ਇਹ ਹੈ ਕਿ ਪਿਛਲੇ ਸਾਲ ਤੋਂ ਦਿੱਲੀ ਦੀ ਟਿਕਰੀ, ਸਿੰਘੂ ਅਤੇ ਗਾਜੀਪੁਰ ਸਰਹੱਦਾਂ ‘ਤੇ ਕਿਸਾਨਾਂ ਦਾ ਪ੍ਰਦਰਸ਼ਨ ਨਿਰੰਤਰ ਜਾਰੀ ਹੈ। ਦੱਸ ਦੇਈਏ ਕਿ ਪਿਛਲੇ 7 ਮਹੀਨਿਆਂ ਤੋਂ ਰਾਕੇਸ਼ ਟਿਕੈਤ ਦੀ ਅਗਵਾਈ ਹੇਠ ਗਾਜ਼ੀਪੁਰ ਸਰਹੱਦ ‘ਤੇ ਕਿਸਾਨਾਂ ਦਾ ਇਕੱਠ ਹੋ ਰਿਹਾ ਹੈ। ਹੁਣ ਇੱਕ ਵਾਰ ਫਿਰ ਅੰਦੋਲਨ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਵੀਰਵਾਰ ਦੀ ਰਾਤ ਤੋਂ ਹੀ ਕਿਸਾਨ ਮੇਰਠ ਦੇ ਸਿਵਾਏ ਟੋਲ ਪਲਾਜ਼ਾ ‘ਤੇ ਪਹੁੰਚ ਰਹੇ ਹਨ, ਇਥੋਂ ਕਿਸਾਨ ਅੱਗੇ ਗਾਜ਼ੀਪੁਰ ਦੀ ਸਰਹੱਦ ‘ਤੇ ਪਹੁੰਚ ਰਹੇ ਹਨ।
ਕਿਸਾਨ ਇਸ ਗੱਲ ‘ਤੇ ਅਟੱਲ ਹਨ ਕਿ ਜਦ ਤੱਕ ਤਿੰਨੋਂ ਖੇਤੀਬਾੜੀ ਕਾਨੂੰਨ ਵਾਪਿਸ ਨਹੀਂ ਲਏ ਜਾਂਦੇ, ਉਦੋਂ ਤੱਕ ਅੰਦੋਲਨ ਜਾਰੀ ਰਹੇਗਾ। ਕਿਸਾਨਾਂ ਅਤੇ ਸਰਕਾਰ ਦਰਮਿਆਨ ਕਈ ਦੌਰ ਦੇ ਵਿਚਾਰ ਵਟਾਂਦਰੇ ਵੀ ਹੋਏ ਸਨ, ਪਰ ਸਹਿਮਤੀ ਨਹੀਂ ਬਣੀ ਸੀ। ਪਰ ਹੁਣ ਲੰਬੇ ਸਮੇਂ ਤੋਂ ਕੋਈ ਗੱਲਬਾਤ ਵੀ ਨਹੀਂ ਹੋਈ। ਪਿਛਲੇ ਦਿਨੀਂ ਵੀ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਸੀ ਕਿ ਸਰਕਾਰ ਵਿਚਾਰ ਵਟਾਂਦਰੇ ਲਈ ਤਿਆਰ ਹੈ, ਪਰ ਕਾਨੂੰਨ ਵਾਪਿਸ ਨਹੀਂ ਲਏ ਜਾਣਗੇ।