ਪੇਰੂ ਵਿੱਚ ਨਾਜ਼ਕਾ ਲਾਈਨਜ਼ ਨੇੜੇ ਸ਼ੁੱਕਰਵਾਰ ਨੂੰ ਇੱਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ ਜਹਾਜ਼ ‘ਚ ਸਵਾਰ ਸਾਰੇ 7 ਲੋਕਾਂ ਦੀ ਮੌਤ ਹੋ ਗਈ ਹੈ। ਨਾਜ਼ਕਾ ਵਿੱਚ 82ਵੀਂ ਫਾਇਰ ਕੰਪਨੀ ਦੇ ਇੱਕ ਫਾਇਰ ਫਾਈਟਰ ਬ੍ਰਿਗੇਡੀਅਰ ਜੁਆਨ ਤੀਰਾਡੋ ਨੇ ਕਿਹਾ ਕਿ ਜਹਾਜ਼ ਸ਼ਹਿਰ ਵਿੱਚ ਇੱਕ ਏਅਰਫੀਲਡ ਨੇੜੇ ਕਰੈਸ਼ ਹੋਇਆ ਹੈ। ਜਹਾਜ਼ ਦੇ ਮਾਲਕ ਟੂਰ ਕੰਪਨੀ ਏਰੋ ਸੈਂਟੋਸ ਨੇ ਦੱਸਿਆ ਕਿ ਜਹਾਜ਼ ‘ਚ ਪੰਜ ਯਾਤਰੀ, ਪਾਇਲਟ ਅਤੇ ਕੋ-ਪਾਇਲਟ ਸਵਾਰ ਸਨ। ਸੈਲਾਨੀਆਂ ਦੀ ਪਛਾਣ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ਵਿੱਚ ਡੋਮਿਨਿਕਨ ਰੀਪਬਲਿਕ ਦੀ ਰਾਜਧਾਨੀ ਸੈਂਟੋ ਡੋਮਿੰਗੋ ਵਿੱਚ ਇੱਕ ਨਿੱਜੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਸੀ। ਜਹਾਜ਼ ਦੇ ਆਪਰੇਟਰ ਹੈਲੀਡੋਸਾ ਏਵੀਏਸ਼ਨ ਗਰੁੱਪ ਦੇ ਮੁਤਾਬਿਕ, ਇਹ ਹਾਦਸਾ ਲਾਸ ਅਮਰੀਕਾ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਦੌਰਾਨ ਵਾਪਰਿਆ ਸੀ। ਇਸ ਘਟਨਾ ਵਿੱਚ ਮਾਰੇ ਗਏ 9 ਲੋਕਾਂ ਵਿੱਚ ਸੱਤ ਯਾਤਰੀ ਅਤੇ ਦੋ ਚਾਲਕ ਦਲ ਦੇ ਮੈਂਬਰ ਸ਼ਾਮਿਲ ਸਨ।