ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 16 ਅਕਤੂਬਰ ਤੋਂ 3 ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਣੀ ਹੈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਟੀਮ ਆਪਣਾ ਕਪਤਾਨ ਬਦਲ ਚੁੱਕੀ ਹੈ। ਹੁਣ ਟਾਮ ਲੈਥਮ ਨਿਊਜ਼ੀਲੈਂਡ ਦੀ ਟੈਸਟ ਟੀਮ ਦੇ ਕਪਤਾਨ ਹੋਣਗੇ। ਇਸ ਤੋਂ ਪਹਿਲਾਂ ਇਹ ਜ਼ਿੰਮੇਵਾਰੀ ਟਿਮ ਸਾਊਥੀ ਕੋਲ ਸੀ। ਉਨ੍ਹਾਂ ਨੇ ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ 2-0 ਨਾਲ ਹਾਰਨ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ। ਕਪਤਾਨੀ ਛੱਡਣ ਤੋਂ ਬਾਅਦ ਸਾਊਦੀ ਨੇ ਕਿਹਾ ਕਿ ਉਨ੍ਹਾਂ ਨੇ ਇਹ ਫੈਸਲਾ ਟੀਮ ਦੇ ਹਿੱਤ ਵਿੱਚ ਲਿਆ ਹੈ। ਕੇਨ ਵਿਲੀਅਮਸਨ ਨੇ 2022 ‘ਚ ਕਪਤਾਨੀ ਛੱਡ ਦਿੱਤੀ ਸੀ, ਜਿਸ ਤੋਂ ਬਾਅਦ ਸਾਊਦੀ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ ਅਤੇ ਹੁਣ ਇਸ ਅਹੁਦੇ ਲਈ ਟਾਮ ਲੈਥਮ ਨੂੰ ਚੁਣਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਲੈਥਮ ਇਸ ਤੋਂ ਪਹਿਲਾਂ 9 ਮੈਚਾਂ ਵਿੱਚ ਨਿਊਜ਼ੀਲੈਂਡ ਟੈਸਟ ਟੀਮ ਦੀ ਕਪਤਾਨੀ ਕਰ ਚੁੱਕੇ ਹਨ। ਉਨ੍ਹਾਂ ਨੂੰ ਇਹ ਭੂਮਿਕਾ ਦੂਜੀ ਵਾਰ ਦਿੱਤੀ ਗਈ ਹੈ।
ਟਿਮ ਸਾਊਦੀ ਦੀ ਕਪਤਾਨੀ ‘ਚ ਨਿਊਜ਼ੀਲੈਂਡ ਦੀ ਟੀਮ ਲਗਾਤਾਰ 2 ਸੀਰੀਜ਼ ਹਾਰ ਚੁੱਕੀ ਹੈ। ਇਸੇ ਸਾਲ ਆਸਟ੍ਰੇਲੀਆ ਦੇ ਖਿਲਾਫ ਘਰੇਲੂ ਮੈਦਾਨ ‘ਤੇ 2-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਫਗਾਨਿਸਤਾਨ ਖਿਲਾਫ ਇਕਲੌਤਾ ਟੈਸਟ ਮੈਚ ਮੀਂਹ ਕਾਰਨ ਨਹੀਂ ਖੇਡਿਆ ਜਾ ਸਕਿਆ ਅਤੇ ਹੁਣ ਉਨ੍ਹਾਂ ਨੂੰ ਸ਼੍ਰੀਲੰਕਾ ਖਿਲਾਫ 2-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਗਾਲੇ ‘ਚ ਨਿਊਜ਼ੀਲੈਂਡ ਨੂੰ ਬੇਹੱਦ ਸ਼ਰਮਨਾਕ ਹਾਰ ਮਿਲੀ ਸੀ। ਸ਼੍ਰੀਲੰਕਾ ਨੇ ਪਾਰੀ ਅਤੇ 154 ਦੌੜਾਂ ਨਾਲ ਹਰਾਇਆ ਸੀ।