ਇਸ ਮਹੀਨੇ ਹੋਣ ਵਾਲੇ ਟੋਕਿਓ ਓਲੰਪਿਕ ਦੇ ਸਬੰਧੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਦਰਅਸਲ ਟੋਕਿਓ ਓਲੰਪਿਕ ਖੇਡਾਂ 2020 ਹੁਣ ਦਰਸ਼ਕਾਂ ਦੇ ਬਿਨਾਂ ਹੀ ਖੇਡੀਆਂ ਜਾਣਗੀਆਂ। ਟੂਰਨਾਮੈਂਟ ਦੇ ਪ੍ਰਬੰਧਕਾਂ ਨੇ 8 ਜੁਲਾਈ ਨੂੰ ਇਹ ਫੈਸਲਾ ਲਿਆ ਹੈ। ਇਹ ਕਦਮ ਜਾਪਾਨ ਵਿੱਚ ਵੱਧ ਰਹੇ ਕੋਰੋਨਾ ਕੇਸਾਂ ਕਾਰਨ ਚੁੱਕਿਆ ਗਿਆ ਹੈ। ਜਪਾਨ ਦੇ ਓਲੰਪਿਕ ਮੰਤਰੀ ਤਮਯੋ ਮਾਰੂਕਾਵਾ ਨੇ ਕਿਹਾ ਕਿ ਟੋਕਿਓ ਖੇਡਾਂ ਦੌਰਾਨ ਦਰਸ਼ਕਾਂ ਨੂੰ ਇਜਾਜ਼ਤ ਨਾ ਦੇਣ ‘ਤੇ ਸਹਿਮਤੀ ਹੋ ਗਈ ਹੈ। ਜਾਪਾਨ ਦੀ ਸਰਕਾਰ, ਅੰਤਰਰਾਸ਼ਟਰੀ ਓਲੰਪਿਕ ਕਮੇਟੀ ਅਤੇ ਜਾਪਾਨ ਓਲੰਪਿਕ ਕਮੇਟੀ ਨੇ ਇਹ ਫੈਸਲਾ ਲਿਆ ਹੈ।
ਦੱਸ ਦਈਏ ਕਿ ਮਹਾਂਮਾਰੀ ਕਾਰਨ ਇੱਕ ਸਾਲ ਲਈ ਮੁਲਤਵੀ ਕੀਤੀਆਂ ਗਈਆਂ ਓਲੰਪਿਕ ਖੇਡਾਂ 23 ਜੁਲਾਈ ਤੋਂ 8 ਅਗਸਤ ਤੱਕ ਹੋਣੇ ਹਨ। ਇਸ ਦੌਰਾਨ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਦੋ ਹਫ਼ਤੇ ਪਹਿਲਾਂ ਜਾਪਾਨ ਕੋਰੋਨਾ ਵਾਇਰਸ ਕਾਰਨ ਐਮਰਜੈਂਸੀ ਲਾਗੂ ਕਰਨ ਦੀ ਤਿਆਰੀ ਕਰ ਰਿਹਾ ਹੈ। ਕੋਰੋਨਾ ਦੇ ਕਾਰਨ, ਟੋਕਿਓ ਸ਼ਹਿਰ ਵਿੱਚ 12 ਜੁਲਾਈ ਤੋਂ ਬਾਅਦ ਚੌਥੀ ਵਾਰ ਐਮਰਜੈਂਸੀ ਦੀ ਸਥਿਤੀ ਲਾਗੂ ਕੀਤੀ ਗਈ ਹੈ, ਜੋ ਕਿ 22 ਅਗਸਤ ਤੱਕ ਚੱਲੇਗੀ। ਜਾਪਾਨ ਦੇ ਪ੍ਰਧਾਨਮੰਤਰੀ ਨੇ ਕੋਰੋਨਾ ਵਾਇਰਸ ਦੇ ਵੱਧ ਰਹੇ ਤਬਾਹੀ ਦੇ ਮੱਦੇਨਜ਼ਰ ਟੋਕਿਓ ਵਿੱਚ ਐਮਰਜੈਂਸੀ ਲਗਾਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਓਲੰਪਿਕ ਖੇਡਾਂ ਸੰਕਟ ਦੇ ਸਮੇਂ ਵਿੱਚ ਹੋਣਗੀਆਂ। ਅਜਿਹੀ ਸਥਿਤੀ ਵਿੱਚ, ਇਹ ਸਪੱਸ਼ਟ ਸੀ ਕਿ ਹੁਣ ਓਲੰਪਿਕ ਖੇਡਾਂ ਦੌਰਾਨ ਦਰਸ਼ਕਾਂ ਨੂੰ ਮੈਦਾਨ ਵਿੱਚ ਆਉਣ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ।