ਪੰਜਾਬ ਦੀ ਡਿਸਕਸ ਥਰੋਅਰ ਖਿਡਾਰਨ ਕਮਲਪ੍ਰੀਤ ਕੌਰ ਨੂੰ ਡੋਪ ਟੈਸਟ ਵਿੱਚ ਫੇਲ ਹੋਣ ਮਗਰੋਂ ਅਥਲੈਟਿਕਸ ਇੰਟੈਗਰਿਟੀ ਯੂਨਿਟ (AIU) ਨੇ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਹੈ। ਕਮਲਪ੍ਰੀਤ ‘ਤੇ ਪਾਬੰਦੀਸ਼ੁਦਾ ਦਵਾਈ Stanozolol ਦਾ ਸੇਵਨ ਕਰਨ ਦਾ ਆਰੋਪ ਲੱਗਿਆ ਹੈ। ਕਮਲਪ੍ਰੀਤ ਟੋਕੀਓ ਓਲੰਪਿਕ ‘ਚ ਛੇਵੇਂ ਨੰਬਰ ਤੇ ਰਹੀ ਸੀ। ਦੋਸ਼ੀ ਪਾਏ ਜਾਣ ‘ਤੇ ਕਮਲਪ੍ਰੀਤ ਨੂੰ ਵੱਧ ਤੋਂ ਵੱਧ ਚਾਰ ਸਾਲ ਲਈ ਮੁਅੱਤਲ ਕੀਤਾ ਜਾ ਸਕਦਾ ਹੈ।
ਵਿਸ਼ਵ ਅਥਲੈਟਿਕਸ (ਗਵਰਨਿੰਗ ਬਾਡੀ) ਨੇ ਬੁੱਧਵਾਰ ਨੂੰ ਟਵੀਟ ਕੀਤਾ, ‘ਏਆਈਯੂ ਨੇ ਭਾਰਤ ਦੀ ਡਿਸਕਸ ਥਰੋਅਰ ਕਮਲਪ੍ਰੀਤ ਕੌਰ ਨੂੰ ਉਸਦੇ ਸਰੀਰ ਵਿੱਚ ਪਾਬੰਦੀਸ਼ੁਦਾ ਪਦਾਰਥ (ਸਟੈਨੋਜ਼ੋਲੋਲ) ਦੀ ਮੌਜੂਦਗੀ/ਵਰਤੋਂ ਲਈ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਹੈ। ਇਹ ਪਦਾਰਥ ‘ਵਿਸ਼ਵ ਅਥਲੈਟਿਕਸ’ ਐਂਟੀ ਡੋਪਿੰਗ ਨਿਯਮਾਂ ਦੀ ਉਲੰਘਣਾ ਹੈ। ਵਿਸ਼ਵ ਅਥਲੈਟਿਕਸ ਡੋਪਿੰਗ ਨਾਲ ਸਬੰਧਤ ਇੱਕ ਮਾਮਲੇ ਵਿੱਚ ਟ੍ਰਾਇਲ ਪੂਰਾ ਹੋਣ ਤੱਕ ਇੱਕ ਖਿਡਾਰੀ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੰਦਾ ਹੈ।