ਸੋਸ਼ਲ ਮੀਡੀਆ ਤੇ ਅਕਸਰ ਹੀ ਬਹੁਤ ਸਾਰੀਆਂ ਵੀਡੀਓਜ਼ ਦੇਖਣ ਨੂੰ ਮਿਲਦੀਆਂ ਨੇ, ਜਿਨ੍ਹਾਂ ‘ਚੋਂ ਜਿਆਦਾਤਰ ‘ਚ ਕੁੱਝ ਨਾ ਕੁੱਝ ਵੱਖਰਾ ਦੇਖਣ ਨੂੰ ਮਿਲਦਾ ਹੈ, ਉੱਥੇ ਹੀ ਜੇਕਰ ਥਾਣੇ ਦੀ ਗੱਲ ਕਰੀਏ ਤਾਂ ਥਾਣੇ ਵਿੱਚ ਅਕਸਰ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਹਨ। ਚੋਰੀ, ਕੁੱਟਮਾਰ ਤੋਂ ਲੈ ਕੇ ਕਤਲ ਅਤੇ ਪਰਿਵਾਰਕ ਲੜਾਈਆਂ ਤੱਕ। ਕੁਝ ਸ਼ਿਕਾਇਤਾਂ ਡਰਾਉਣੀਆਂ ਹੁੰਦੀਆਂ ਹਨ ਅਤੇ ਕੁਝ ਮਜ਼ਾਕੀਆ ਹੁੰਦੀਆਂ ਹਨ। ਅਜਿਹੀ ਹੀ ਇੱਕ ਅਜੀਬ ਸ਼ਿਕਾਇਤ ਦੀ ਮਜ਼ੇਦਾਰ ਖਬਰ ਸਾਹਮਣੇ ਆਈ ਹੈ, ਦਰਅਸਲ 3 ਸਾਲ ਦਾ ਬੱਚਾ ਥਾਣੇ ‘ਚ ਆਪਣੀ ਮਾਂ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਲਈ ਪਹੁੰਚਿਆ ਸੀ ਜਿਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਬੱਚੇ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸਦੀ ਮਾਂ ਉਸਨੂੰ ਕੁੱਟਦੀ ਹੈ ਅਤੇ ਉਸਦੀ ਚਾਕਲੇਟ-ਕੈਂਡੀ ਚੋਰੀ ਕਰ ਲੈਂਦੀ ਹੈ। ਦਰਅਸਲ ਇਹ ਅਜ਼ੀਬ ਜਿਹੀ ਸ਼ਿਕਾਇਤ ਦੀ ਮਜ਼ੇਦਾਰ ਖਬਰ ਮੱਧ ਪ੍ਰਦੇਸ਼ ਤੋਂ ਸਾਹਮਣੇ ਆਈ ਹੈ ਜਿਥੋਂ ਬੁਰਹਾਨਪੁਰ ਜ਼ਿਲ੍ਹੇ ਦੇ ਪੁਲਿਸ ਸਟੇਸ਼ਨ ਵਿੱਚ ਇੱਕ ਅਨੋਖੀ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਇਹ ਪਿਆਰਾ ਜਿਹਾ ਮਾਮਲਾ ਬੁਰਹਾਨਪੁਰ ਜ਼ਿਲ੍ਹੇ ਦੇ ਪਿੰਡ ਡੇਢਤਲਾਈ ਦਾ ਹੈ। ਜਿੱਥੇ ਇਹ 3 ਸਾਲ ਦਾ ਮਾਸੂਮ ਆਪਣੇ ਪਿਤਾ ਨਾਲ ਥਾਣੇ ਪਹੁੰਚਿਆ ਸੀ। ਇਸ ਤੋਂ ਬਾਅਦ ਉਸ ਨੇ ਪੁਲਸ ਵਾਲਿਆਂ ਨੂੰ ਕਿਹਾ ਕਿ ਉਸ ਦੀ ਮਾਂ ਨੂੰ ਜੇਲ ‘ਚ ਡੱਕ ਦਿਓ ਤਾਂ ਥਾਣੇ ‘ਚ ਮੌਜੂਦ ਮਹਿਲਾ ਪੁਲਸ ਕਰਮਚਾਰੀ ਹੈਰਾਨ ਰਹਿ ਗਈਆਂ। ਜਦੋਂ ਬੱਚੇ ਨੂੰ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਬੱਚੇ ਨੇ ਦੱਸਿਆ ਕਿ ਉਸ ਦੀ ਮਾਂ ਨੇ ਚਾਕਲੇਟਾਂ ਚੋਰੀ ਕੀਤੀਆਂ ਹਨ। ਉਹ ਕੈਂਡੀ ਵੀ ਚੋਰੀ ਕਰਦੀ ਹੈ ਅਤੇ ਮੇਰੀ ਗੱਲ ਤੇ ਵੀ ਮਾਰਿਆ ਹੈ। ਮਾਸੂਮ ਦੀਆਂ ਗੱਲਾਂ ਸੁਣ ਕੇ ਥਾਣੇ ‘ਚ ਮੌਜੂਦ ਮੁਲਾਜ਼ਮ ਵੀ ਹੱਸਣ ਲੱਗ ਪਏ। ਦਰਅਸਲ ਅੱਜ ਤੋਂ ਪਹਿਲਾਂ ਉਨ੍ਹਾਂ ਦੀ ਥਾਣੇ ਵਿੱਚ ਅਜਿਹੀ ਕੋਈ ਸ਼ਿਕਾਇਤ ਨਹੀਂ ਆਈ ਸੀ। ਲੜਕੇ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਦੀ ਮਾਂ ਇਸ ਨੂੰ ਨਹਾ ਕੇ ਟਿੱਕਾ ਲਗਾ ਰਹੀ ਸੀ। ਇਸ ਦੌਰਾਨ ਬੱਚਾ ਚਾਕਲੇਟ ਖਾਣ ਦੀ ਜ਼ਿੱਦ ਕਰਨ ਲੱਗਾ। ਇਸ ‘ਤੇ ਉਸ ਦੀ ਮਾਂ ਨੇ ਪਿਆਰ ਨਾਲ ਉਸ ਦੀ ਗੱਲ ‘ਤੇ ਹੌਲੀ-ਜਿਹੇ ਥੱਪੜ ਮਾਰਿਆ ਤਾਂ ਬੱਚਾ ਰੋਣ ਲੱਗ ਪਿਆ। ਫਿਰ ਬੱਚੇ ਨੇ ਆਪਣੇ ਪਿਤਾ ਨੂੰ ਕਿਹਾ ਕਿ ਉਹ ਆਪਣੀ ਮੰਮੀ ਦੀ ਸ਼ਿਕਾਇਤ ਕਰਨ ਪੁਲਿਸ ਕੋਲ ਚੱਲੇ। ਇਸੇ ਲਈ ਮੈਂ ਉਸ ਨੂੰ ਇੱਥੇ ਲੈ ਕੇ ਆਇਆ ਹਾਂ।
ਮਾਮਲੇ ‘ਚ ਸਬ-ਇੰਸਪੈਕਟਰ ਪ੍ਰਿਅੰਕਾ ਨਾਇਕ ਨੇ ਦੱਸਿਆ ਕਿ ਬੱਚੇ ਦੀ ਸ਼ਿਕਾਇਤ ਸੁਣ ਕੇ ਪਹਿਲਾ ਤਾ ਉਹ ਸਾਰੇ ਹੱਸ ਪਏ। ਫਿਰ ਬੱਚੇ ਦਾ ਦਿਲ ਰੱਖਣ ਲਈ ਉਹ ਕਾਗਜ਼ ਤੇ ਕਲਮ ਲੈ ਕੇ ਬੈਠ ਗਈ ਅਤੇ ਬੱਚੇ ਦੇ ਕਹਿਣ ‘ਤੇ ਝੂਠੀ ਰਿਪੋਰਟ ਲਿਖੀ। ਫਿਰ ਜਦੋਂ ਬੱਚੇ ਨੂੰ ਇਸ ‘ਤੇ ਦਸਤਖਤ ਕਰਨ ਲਈ ਕਿਹਾ ਗਿਆ ਤਾਂ ਉਸ ਨੇ ਇਸ ‘ਤੇ ਵਿੰਗੀਆਂ ਟੇਢੀਆਂ ਲਾਈਨਾਂ ਖਿੱਚ ਦਿੱਤੀਆਂ। ਸ਼ਿਕਾਇਤ ਲਿਖਣ ਦਾ ਬਹਾਨਾ ਲਾ ਕੇ ਫਿਰ ਬੱਚੇ ਨੂੰ ਸਮਝਾਇਆ ਤੇ ਵਾਪਿਸ ਘਰ ਭੇਜ ਦਿੱਤਾ। ਇਸ ਮੌਕੇ ਬੱਚਾ ਜਾਂਦਾ ਜਾਂਦਾ ਵੀ ਕਹਿ ਰਿਹਾ ਸੀ ਮੰਮੀ ਨੂੰ ਜੇਲ੍ਹ ਵਿੱਚ ਬੰਦ ਕਰੋ।