ਦਿੱਲੀ ਦੀ ਗਾਜੀਪੁਰ ਸਰਹੱਦ ‘ਤੇ ਬੁੱਧਵਾਰ ਨੂੰ ਪ੍ਰਦਰਸ਼ਨ ਕਰ ਕਿਸਾਨਾਂ ਅਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵਿਚਕਾਰ ਝੜਪ ਹੋਈ ਹੈ। ਇਸ ਝੜਪ ਤੋਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਟਿਕੈਤ ਨੇ ਭਾਜਪਾ ’ਤੇ ਵਰ੍ਹਦਿਆਂ ਕਿਹਾ ਕਿ ਉਹ ਉੱਥੇ ਆ ਗਏ ਅਤੇ ਆਪਣੇ ਇੱਕ ਨੇਤਾ ਦਾ ਸਵਾਗਤ ਕਰਨਾ ਚਾਹੁੰਦੇ ਸਨ, ਇਹ ਕਿਵੇਂ ਹੋ ਸਕਦਾ ਹੈ ? ਇਹ ਪਲੇਟਫਾਰਮ ਇੱਕ ਸੰਯੁਕਤ ਮੋਰਚੇ ਦਾ ਹੈ, ਜੇ ਤੁਸੀਂ ਸਟੇਜ ‘ਤੇ ਜਾਣਾ ਚਾਹੁੰਦੇ ਹੋ ਤਾਂ ਇਸ ਵਿੱਚ ਸ਼ਾਮਿਲ ਹੋਵੋ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸੜਕ ‘ਤੇ ਸਟੇਜ ਲਗਾਉਣ ਦਾ ਮਤਲਬ ਇਹ ਨਹੀਂ ਕਿ ਕੋਈ ਵੀ ਸਟੇਜ ‘ਤੇ ਆਵੇਗਾ। ਜੇ ਤੁਸੀਂ ਆਉਣਾ ਹੈ, ਤਾਂ ਭਾਜਪਾ ਨੂੰ ਛੱਡ ਕੇ ਆਓ, ਜੋ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨਗੇ, ਉਨ੍ਹਾਂ ਦੇ ਬੱਕਲ ਉਧੇੜ ਦਿੱਤੇ ਜਾਣਗੇ।
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਹਾਂ, ਮੈਂ ਧਮਕੀ ਦੇ ਰਿਹਾ ਹਾਂ। ਉਨ੍ਹਾਂ ਨੂੰ ਸਟੇਜ ‘ਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ, ਉਨ੍ਹਾਂ ਨੂੰ ਪੂਰੇ ਰਾਜ ਵਿੱਚ ਕਿਤੇ ਵੀ ਆਉਣ ਦੀ ਆਗਿਆ ਨਹੀਂ ਦਿੱਤੀ ਜਾਏਗੀ। ਇਹ ਸਭ ਕੁੱਝ ਪੁਲਿਸ ਦੀ ਹਾਜ਼ਰੀ ਵਿੱਚ ਹੋਇਆ, ਉਨ੍ਹਾਂ (ਭਾਜਪਾ ਵਰਕਰਾਂ) ਦੀ ਕੋਸ਼ਿਸ਼ ਸੀ ਸਟੇਜ ਉੱਤੇ ਇੱਕ ਝੰਡਾ ਲਹਿਰਾਉਣਾ ਅਤੇ ਆਪਣੇ ਨੇਤਾ ਦਾ ਸਵਾਗਤ ਕਰਨਾ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਾਡੇ ਲੋਕਾਂ ਨੇ ਕਿਸੇ ਦੀ ਕਾਰ ‘ਤੇ ਪੱਥਰ ਨਹੀਂ ਮਾਰੇ ਹਨ, ਜੇਕਰ ਕੋਈ ਹੁਣ ਆਇਆ ਤਾਂ ਉਸਦੀ ਕਾਰ ਨੂੰ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਜੋ ਵੀ ਭਾਜਪਾ ਵਰਕਰ ਸਟੇਜ ਵੱਲ ਆਵੇਗਾ ਉਸ ‘ਤੇ ਕਾਰਵਾਈ ਕੀਤੀ ਜਾਵੇਗੀ।
ਦਰਅਸਲ, ਬੁੱਧਵਾਰ ਦੁਪਹਿਰ ਨੂੰ ਕੁੱਝ ਭਾਜਪਾ ਵਰਕਰ ਆਪਣੇ ਇੱਕ ਨੇਤਾ ਦਾ ਸਵਾਗਤ ਕਰਨ ਲਈ ਗਾਜੀਪੁਰ ਸਰਹੱਦ ਨੇੜੇ ਪਹੁੰਚੇ ਸਨ। ਪਰ ਉਨ੍ਹਾਂ ਦੇ ਸਰਹੱਦ ‘ਤੇ ਆਉਣ ਤੋਂ ਬਾਅਦ ਹੰਗਾਮਾ ਹੋ ਗਿਆ। ਪ੍ਰਦਰਸ਼ਨਕਾਰੀਆਂ ਕਿਸਾਨਾਂ ਨੇ ਦੋਸ਼ ਲਾਇਆ ਕਿ ਭਾਜਪਾ ਦੇ ਵਰਕਰ ਉਨ੍ਹਾਂ ਦੇ ਮੰਚ ‘ਤੇ ਆਉਣ ਦੀ ਕੋਸ਼ਿਸ਼ ਕਰ ਰਹੇ ਸਨ। ਰਾਕੇਸ਼ ਟਿਕੈਤ ਨੇ ਕਿਹਾ ਕਿ ਭਾਜਪਾ ਲੋਕ ਇਸ ਅੰਦੋਲਨ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਤਿੰਨ ਦਿਨਾਂ ਤੋਂ ਵੱਖ-ਵੱਖ ਖੇਤਰਾਂ ਵਿੱਚ ਆ ਰਹੇ ਹਨ। ਪੁਲਿਸ ਵੀ ਉਨ੍ਹਾਂ ਦਾ ਸਮਰਥਨ ਕਰ ਰਹੀ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਜੇ ਇਹ ਹਰ ਰੋਜ਼ ਹੁੰਦਾ ਹੈ ਤਾਂ ਉਸ ਦਾ ਇਲਾਜ ਕੀਤਾ ਜਾਵੇਗਾ। ਰਾਕੇਸ਼ ਟਿਕੈਤ ਨੇ ਕਿਹਾ ਕਿ ਉਹ ਇਸ ਸਬੰਧ ਵਿੱਚ ਕੇਸ ਵੀ ਦਰਜ ਕਰਵਾਉਣਗੇ।