ਕਿਸਾਨਾਂ ਨੇ ਅੱਜ ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਭਾਰਤ ਬੰਦ ਦਾ ਐਲਾਨ ਕੀਤਾ ਹੈ। ਦਿੱਲੀ ਸਮੇਤ ਕਈ ਥਾਵਾਂ ‘ਤੇ ਸਵੇਰ ਤੋਂ ਹੀ ਕਿਸਾਨਾਂ ਦੇ ਭਾਰਤ ਬੰਦ ਦਾ ਪ੍ਰਭਾਵ ਦਿਖਣਾ ਸ਼ੁਰੂ ਹੋ ਗਿਆ ਸੀ। ਐਸਕੇਐਮ ਦੇ ਅਨੁਸਾਰ, ਕਿਸਾਨਾਂ ਦੇ ਇਸ ਇਤਿਹਾਸਕ ਸੰਘਰਸ਼ ਦੇ 10 ਮਹੀਨੇ ਪੂਰੇ ਹੋਣ ‘ਤੇ ਸੋਮਵਾਰ ਯਾਨੀ 27 ਸਤੰਬਰ ਨੂੰ ਕੇਂਦਰ ਸਰਕਾਰ ਦੇ ਖਿਲਾਫ ‘ਭਾਰਤ ਬੰਦ’ ਦਾ ਸੱਦਾ ਦਿੱਤਾ ਗਿਆ ਸੀ। ਇਹ ਬੰਦ ਸਵੇਰੇ 6 ਵਜੇ ਤੋਂ ਸ਼ੁਰੂ ਹੋਇਆ ਹੈ ਅਤੇ ਸ਼ਾਮ 4 ਵਜੇ ਤੱਕ ਜਾਰੀ ਰਹੇਗਾ। ਹੁਣ ਤੱਕ ਪੂਰੇ ਦੇਸ਼ ਵਿੱਚ ਇਸ ਬੰਦ ਦਾ ਅਸਰ ਵੀ ਦੇਖਣ ਨੂੰ ਮਿਲਿਆ ਹੈ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ, ‘ਸਾਡਾ ‘ਭਾਰਤ ਬੰਦ’ ਸਫਲ ਰਿਹਾ ਹੈ। ਸਾਨੂੰ ਕਿਸਾਨਾਂ ਦਾ ਪੂਰਾ ਸਮਰਥਨ ਮਿਲਿਆ … ਅਸੀਂ ਹਰ ਚੀਜ਼ ਨੂੰ ਸੀਲ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਲੋਕਾਂ ਦੀ ਆਵਾਜਾਈ ਦਾ ਵੀ ਧਿਆਨ ਰੱਖਣਾ ਪੈਂਦਾ ਹੈ। ਅਸੀਂ ਸਰਕਾਰ ਨਾਲ ਗੱਲਬਾਤ ਲਈ ਤਿਆਰ ਹਾਂ, ਪਰ ਕੋਈ ਗੱਲਬਾਤ ਨਹੀਂ ਹੋ ਰਹੀ।’ ਇਸ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਭਾਰਤ ਬੰਦ ਦੌਰਾਨ ਛੋਟ ਦਿੱਤੀ ਗਈ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਹੈ ਕਿ ਪ੍ਰੀਖਿਆ ਦੇਣ ਜਾ ਰਹੇ ਵਿਦਿਆਰਥੀਆਂ ਨੂੰ ਰੋਕਿਆ ਨਹੀਂ ਜਾ ਰਿਹਾ ਹੈ। ਇਸ ਤੋਂ ਇਲਾਵਾ ਰੋਸ ਪ੍ਰਦਰਸ਼ਨ ਕਰ ਰਹੇ ਮਜ਼ਦੂਰਾਂ ਦੇ ਸਹਿਯੋਗ ਨਾਲ ਦੁੱਧ ਦੀਆਂ ਗੱਡੀਆਂ ਅਤੇ ਐਂਬੂਲੈਂਸਾਂ ਲੰਘ ਰਹੀਆਂ ਹਨ।