ਲਖੀਮਪੁਰ ਖੀਰੀ ਦਾ ਮਾਮਲਾ ਇਸ ਸਮੇ ਚਰਚਾ ਦਾ ਮੁੱਖ ਵਿਸ਼ਾ ਬਣਿਆ ਹੋਇਆ ਹੈ। ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਪੂਰੇ ਦੇਸ਼ ਦਾ ਸਿਆਸੀ ਪਾਰਾ ਵੀ ਕਾਫੀ ਵਧਿਆ ਹੋਇਆ ਹੈ। ਜਿੱਥੇ ਵਿਰੋਧੀ ਪਾਰਟੀਆਂ ਸਰਕਾਰ ਨੂੰ ਘੇਰ ਰਹੀਆਂ ਹਨ ਤਾ ਕਿਸਾਨ ਵੀ ਲਗਾਤਾਰ ਸਖਤ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਭਾਜਪਾ ਦੇ ਵੱਲੋ ਵੀ ਕੁੱਝ ਬਿਆਨ ਸਾਂਝੇ ਕੀਤੇ ਗਏ ਹਨ, ਜਿਨ੍ਹਾਂ ‘ਤੇ ਰਾਕੇਸ਼ ਟਿਕੈਤ ਨੇ ਪਲਟਵਾਰ ਕੀਤਾ ਹੈ। ਟਿਕੈਤ ਨੇ ਕਿਹਾ ਪੁਲਿਸ-ਪ੍ਰਸ਼ਾਸਨ ਕੋਲ 1 ਹਫਤੇ ਦਾ ਸਮਾਂ ਹੈ। ਅਸੀਂ ਅੰਤਿਮ ਅਰਦਾਸ ਵਾਲੇ ਦਿਨ ਲਵਾਂਗੇ ਫੈਸਲਾ ਜੇ ਮੰਗਾਂ ਨਾ ਮੰਨੀਆਂ ਤਾਂ ਦੇਸ਼ ਵਿਆਪੀ ਅੰਦੋਲਨ ਹੋਵੇਗਾ। ਉੱਥੇ ਹੀ ਉਨ੍ਹਾਂ ਨੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਬਾਰੇ ਇੱਕ ਸਵਾਲ ‘ਤੇ ਬੋਲਦਿਆਂ ਕਿਹਾ ਕਿ ਸਰਕਾਰ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਮੰਨਦੀ ਹੈ ਪਰ ਲੋਕ ਉਨ੍ਹਾਂ ਨੂੰ ਸੰਤ ਵੀ ਮੰਨਦੇ ਨੇ।
ਦਰਅਸਲ ਅੱਜ ਭਾਜਪਾ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਸਾਡਾ ਅਤੇ ਕਿਸਾਨਾਂ ਦਾ ਸਮਝੌਤਾ ਹੋ ਗਿਆ ਹੈ। ਇਸ ‘ਤੇ ਟਿਕੈਤ ਨੇ ਕਿਹਾ ਕਿ -“ਸਾਡਾ ਸਰਕਾਰ ਨਾਲ ਪੈਸਿਆਂ ਦਾ ਕੋਈ ਸਮਝੌਤਾ ਨਹੀਂ ਹੋਇਆ, ਅਸੀਂ ਪੈਸਿਆਂ ਲਈ ਸਰਕਾਰ ਨਾਲ ਕੋਈ ਸਮਝੌਤਾ ਨਹੀਂ ਕੀਤਾ। ਜੇ ਸਰਕਾਰ ਪੈਸਿਆਂ ਨਾਲ ਸਮਝੌਤਾ ਕਰਨਾ ਚਾਹੁੰਦੀ ਹੈ ਤਾਂ ਸਰਕਾਰ ਆਪਣਾ ਅਕਾਊਂਟ ਨੰਬਰ ਦੇ ਦੇਵੇ, ਅਸੀਂ ਮੁਆਵਜ਼ੇ ਦੇ ਪੈਸੇ ਵਾਪਿਸ ਕਰ ਦੇਵਾਗੇ। ਇਹ ਸਮਝੌਤਾ ਇਸ ਲਈ ਸੀ ਕਿ ਅਸੀਂ ਤਾਂ ਸਿਰਫ਼ ਇਹੀ ਚਾਹੁੰਦੇ ਸੀ ਕਿ ਸ਼ਹੀਦ ਕਿਸਾਨਾਂ ਦਾ ਸੰਸਕਾਰ ਹੋ ਜਾਵੇ। ਇਹ ਸਮਝੌਤਾ ਸਿਰਫ ਹਲਾਤ ਦੇਖ ਕੇ ਅਤੇ ਦੱਸ ਹਜ਼ਾਰ ਤੋਂ ਵੱਧ ਲੋਕਾਂ ਅਤੇ ਪਰਿਵਾਰਾਂ ਦੀ ਸਹਿਮਤੀ ਨਾਲ ਹੋਇਆ ਸੀ।
ਇਸ ਲਈ ਸਰਕਾਰ ਅਜਿਹੇ ਬਿਆਨ ਨਾ ਦੇਵੇ। ਸਾਡਾ ਸਮਝੌਤਾ ਪੈਸੇ ‘ਤੇ ਨਹੀਂ ਬਲਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਅਸਤੀਫਾ ਦੇਣ ਅਤੇ ਉਨ੍ਹਾਂ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ ਦੀ ਮੰਗ ‘ਤੇ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਕਿਸਾਨਾਂ ਨੂੰ ਕੁਚਲਿਆ ਉਹ ਨੇਤਾ ਨਹੀਂ ਹੋ ਸਕਦੇ, ਉਹ ਖਤਰਨਾਕ ਲੋਕ ਹਨ। ਐਫਆਈਆਰ ਦਰਜ ਕੀਤੀ ਗਈ ਹੈ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਸਰਕਾਰ ਕੋਲ 7-8 ਦਿਨਾਂ ਦਾ ਸਮਾਂ ਹੈ। ਜਿਹੜੇ ਮੰਤਰੀ ਦਿੱਲੀ ਵਿੱਚ ਬੈਠ ਕੇ ਬਿਆਨ ਦੇ ਰਹੇ ਹਨ, ਉਨ੍ਹਾਂ ਨੂੰ ਆਪਣੀ ਜ਼ੁਬਾਨ ‘ਤੇ ਕਾਬੂ ਰੱਖਣਾ ਚਾਹੀਦਾ ਹੈ। ਉਹ ਗ੍ਰਿਫਤਾਰੀ ਤੋਂ ਬਾਅਦ ਬਿਆਨ ਦੇਣ।