ਹੋਰ ਮਾੜੀ ਕਿਸਮਤ ਕਿਸਨੂੰ ਕਹਿੰਦੇ ਨੇ ! ਫਰੀਦਕੋਟ ਜ਼ਿਲ੍ਹੇ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਜ਼ਿਲ੍ਹੇ ਦੇ ਇੱਕ ਕਿਸਾਨ ਨੇ 1.5 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ, ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸਨੇ ਆਪਣੀ ਟਿਕਟ ਹੀ ਸੁੱਟ ਦਿੱਤੀ ਸੀ। ਹੁਣ ਉਸ ਨੂੰ ਲਾਟਰੀ ਦੇ ਪੈਸੇ ਨਹੀਂ ਮਿਲ ਰਹੇ ਇਸ ਦੌਰਾਨ ਕਿਸਾਨ ਨੇ ਸੀ.ਐਮ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਇਨਾਮੀ ਰਾਸ਼ੀ ਦਿਵਾਉਣ ਵਿੱਚ ਮਦਦ ਕਰਨ।
ਫਰੀਦਕੋਟ ਜ਼ਿਲ੍ਹੇ ਦੇ ਪਿੰਡ ਗੋਲੇਵਾਲਾ ਦੇ ਵਸਨੀਕ ਕਰਮਜੀਤ ਸਿੰਘ ਨੇ ਦੱਸਿਆ ਕਿ ਉਸ ਨੇ 4 ਮਈ ਨੂੰ ਦਮਦਮਾ ਸਾਹਿਬ ਤੋਂ ਲਾਟਰੀ ਟਿਕਟ 200 ਰੁਪਏ ਵਿੱਚ ਖਰੀਦੀ ਸੀ। ਪਿੱਛੇ ਜਿਹੇ ਫਰੀਦਕੋਟ ਦੇ ਇੱਕ ਲਾਟਰੀ ਵਿਕਰੇਤਾ ਨੂੰ ਜਦੋਂ ਉਸ ਨੇ ਲਾਟਰੀ ਦਿਖਾਈ ਤਾਂ ਉਸ ਨੇ ਕਿਹਾ ਕਿ ਲਾਟਰੀ ਖਾਲੀ ਨਿਕਲੀ ਹੈ। ਇਹ ਸੁਣ ਕੇ ਉਸ ਨੇ ਲਾਟਰੀ ਉਥੇ ਹੀ ਸੁੱਟ ਦਿੱਤੀ। ਕਰਮਜੀਤ ਸਿੰਘ ਅਨੁਸਾਰ ਦੋ ਦਿਨਾਂ ਬਾਅਦ ਦਮਦਮਾ ਸਾਹਿਬ ਦਾ ਵਿਕਰੇਤਾ, ਜਿਸ ਤੋਂ ਉਸ ਨੇ ਲਾਟਰੀ ਖਰੀਦੀ ਸੀ, ਘਰ ਆਇਆ। ਵੇਚਣ ਵਾਲੇ ਨੇ ਦੱਸਿਆ ਕਿ ਉਸ ਦਾ ਪਹਿਲਾ ਨੰਬਰ ਲਾਟਰੀ ਵਿੱਚ ਹੈ ਅਤੇ ਉਸ ਨੇ ਡੇਢ ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਇਹ ਸੁਣ ਕੇ ਕਰਮਜੀਤ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਪਰ ਖੁਸ਼ੀ ਕੁਝ ਮਿੰਟਾ ਮਗਰੋਂ ਗਾਇਬ ਹੋ ਗਈ।
ਕਰਮਜੀਤ ਨੇ ਦੱਸਿਆ ਕਿ ਉਸ ਨੇ ਲਾਟਰੀ ਦੀ ਟਿਕਟ ਫਰੀਦਕੋਟ ਵਿੱਚ ਹੀ ਸੁੱਟ ਦਿੱਤੀ ਸੀ, ਜਿਸ ਨੂੰ ਲੱਭਣ ਲਈ ਉਹ ਉੱਥੇ ਗਿਆ ਸੀ, ਪਰ ਹੁਣ ਉਸ ਨੂੰ ਉਸ ਦੀ ਲਾਟਰੀ ਦੀ ਟਿਕਟ ਨਹੀਂ ਮਿਲ ਰਹੀ, ਜਦੋਂ ਕਿ ਲਾਟਰੀ ਵੇਚਣ ਵਾਲੇ ਦਾ ਕਹਿਣਾ ਹੈ ਕਿ ਨਿਯਮਾਂ ਮੁਤਾਬਿਕ ਹੀ ਲਾਟਰੀ ਦਾ ਇਨਾਮ ਮਿਲੇਗਾ। ਪੈਸੇ ਕਰਮਜੀਤ ਸਿੰਘ ਕੋਲ ਜਾਣਗੇ ਅਤੇ ਉਸ ਨੂੰ ਕਮਿਸ਼ਨ ਮਿਲੇਗਾ। ਅਜਿਹੇ ‘ਚ ਕਰਮਜੀਤ ਸਿੰਘ ਹੁਣ ਸੂਬਾ ਸਰਕਾਰ ਤੋਂ ਗੁਹਾਰ ਲਗਾ ਰਿਹਾ ਹੈ ਕਿ ਉਸ ਨੂੰ ਲਾਟਰੀ ‘ਚੋਂ ਜਿੱਤੇ ਪੈਸੇ ਦਿੱਤੇ ਜਾਣ ਕਿਉਂਕਿ ਲਾਟਰੀ ਖਰੀਦਣ ਦਾ ਰਿਕਾਰਡ ਉਸ ਕੋਲ ਹੈ ਪਰ ਲਾਟਰੀ ਟਿਕਟ ਨਹੀਂ ਹੈ।