ਨਿਊਜ਼ੀਲੈਂਡ ‘ਚ ਹੁੰਦੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਆਏ ਦਿਨ ਕੋਈ ਨਾ ਕੋਈ ਵਾਰਦਾਤ ਸਾਹਮਣੇ ਆ ਰਹੀ ਹੈ, ਜਿੱਥੇ ਇੰਨਾਂ ਵਾਰਦਾਤਾਂ ਨੇ ਪ੍ਰਸ਼ਾਸਨ ਦੀ ਨੱਕ ‘ਚ ਦਮ ਕੀਤਾ ਹੋਇਆ ਹੈ, ਉੱਥੇ ਹੀ ਬੱਚਿਆਂ ਦੇ ਵਾਰਦਾਤਾਂ ‘ਚ ਸ਼ਾਮਿਲ ਹੋਣ ਕਾਰਨ ਮਾਪਿਆਂ ਦੀ ਚਿੰਤਾ ਵੀ ਵਧੀ ਹੋਈ ਹੈ। ਤਾਜ਼ਾ ਮਾਮਲਾ ਹੈਮਿਲਟਨ ਤੋਂ ਸਾਹਮਣੇ ਆਇਆ ਹੈ। ਜਿੱਥੇ ਪੁਲਿਸ ਨੇ ਹੈਮਿਲਟਨ ਦੀ ਇੱਕ ਸ਼ਰਾਬ ਦੀ ਦੁਕਾਨ ‘ਤੇ ਹੋਈ ਭਿਆਨਕ ਲੁੱਟ ਤੋਂ ਬਾਅਦ ਤਿੰਨ ਕਿਸ਼ੋਰ ਲੜਕਿਆਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸ ਦੇਈਏ ਕਿ ਇਸ ਲੁੱਟ ਦੌਰਾਨ ਦੁਕਾਨ ਦਾ ਮਾਲਕ ਜ਼ਖਮੀ ਹੋ ਗਿਆ ਸੀ।
ਚਾਰ ਨਕਾਬਪੋਸ਼ ਵਿਅਕਤੀ ਸ਼ਨੀਵਾਰ ਨੂੰ ਰਾਤ 9.25 ਵਜੇ ਦੇ ਕਰੀਬ ਡਿਨਸਡੇਲ ਦੇ ਵਟਸਹਾਟਾ ਆਰਡੀ ‘ਤੇ ਸਟੋਰ ਵਿੱਚ ਦਾਖਲ ਹੋਏ ਅਤੇ ਕਥਿਤ ਤੌਰ ‘ਤੇ ਦੋ ਕਰਮਚਾਰੀਆਂ – ਮਾਲਕ ਅਤੇ ਇੱਕ ਕਰਮਚਾਰੀ ਦੀ ਕੁੱਟਮਾਰ ਕੀਤੀ ਸੀ। ਪੁਲਿਸ ਨੇ ਕਿਹਾ ਕਿ ਹਮਲਾਵਰਾਂ ਨੂੰ ਚੁਣੌਤੀ ਦੇਣ ਤੋਂ ਬਾਅਦ ਮਾਲਕ ਦੇ ਸਿਰ ਅਤੇ ਹੱਥ ਵਿੱਚ ਸੱਟਾਂ ਲੱਗੀਆਂ ਸੀ, ਜਿਸ ਨੂੰ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਉਣਾ ਪਿਆ ਸੀ। ਡਿਟੈਕਟਿਵ ਇੰਸਪੈਕਟਰ ਗ੍ਰਾਹਮ ਪਿਟਕੇਥਲੇ ਨੇ ਦੱਸਿਆ ਕਿ ਘਟਨਾ ਦੇ ਸਬੰਧ ਵਿੱਚ ਅੱਜ ਦੋ 15 ਸਾਲਾ ਅਤੇ ਇੱਕ 17 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ।