ਕੈਨੇਡਾ ‘ਚ ਸੜਕ ਹਾਦਸੇ ‘ਚ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਆਏ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਸਮਾਣਾ ਦੀ ਇੱਕ ਕੁੜੀ ਵੀ ਸ਼ਾਮਿਲ ਹੈ। ਜਾਣਕਾਰੀ ਮੁਤਾਬਿਕ ਇਹ ਸੜਕ ਹਾਦਸਾ ਕੈਨੇਡਾ ਦੇ ਪਹਾੜੀ ਸ਼ਹਿਰ ‘ਚ ਵਾਪਰਿਆ ਹੈ। ਮਰਨ ਵਾਲਿਆਂ ਵਿੱਚ ਪਿੰਡ ਮਲੌਦ ਦੋ ਭੈਣ-ਭਰਾ (ਤਾਏ-ਚਾਚੇ ਦੀ ਔਲਾਦ) ਸ਼ਾਮਿਲ ਹਨ। ਇਨ੍ਹਾਂ ਵਿੱਚ ਹਰਮਲ ਸੋਮਲ (23) ਅਤੇ ਨਵਜੋਤ ਸੋਮਲ (19) ਸ਼ਾਮਿਲ ਹਨ। ਇਸ ਹਾਦਸੇ ਵਿੱਚ ਸਮਾਣਾ ਦੀ ਰਸ਼ਮਦੀਪ ਕੌਰ ਦੀ ਵੀ ਮੌਤ ਹੋ ਗਈ। ਰਸ਼ਮਦੀਪ ਦੀ ਉਮਰ 23 ਸਾਲ ਸੀ।
ਜਾਣਕਾਰੀ ਮੁਤਾਬਿਕ ਇਹ ਤਿੰਨੇ ਵਿਦਿਆਰਥੀ ਕੈਨੇਡਾ ਦੇ ਪਹਾੜੀ ਸ਼ਹਿਰ ‘ਚ ਆਪਣੀ ਪੀ.ਆਰ. ਫਾਇਲ ਲਗਾਉਣ ਟੈਕਸੀ ਰਾਹੀਂ ਜਾ ਰਹੇ ਸੀ। ਇਸੇ ਦੌਰਾਨ ਰਸਤੇ ਵਿੱਚ ਅਚਾਨਕ ਉਨ੍ਹਾਂ ਦੀ ਕਾਰ ਦਾ ਅਗਲਾ ਟਾਇਰ ਫਟਣ ਕਾਰਨ ਹਾਦਸਾ ਵਾਪਰ ਗਿਆ। ਇਸ ਵਿੱਚ ਤਿੰਨੋਂ ਵਿਦਿਆਰਥੀਆਂ ਦੀ ਮੌਤ ਹੋ ਗਈ। ਟੈਕਸੀ ਡਰਾਈਵਰ ਦੀ ਜਾਨ ਬਚ ਗਈ ਹੈ। ਟੈਕਸੀ ਡਰਾਈਵਰ ਨੇ ਸਮੇਂ ਸਿਰ ਕਾਰ ਤੋਂ ਛਾਲ ਮਾਰ ਦਿੱਤੀ ਸੀ।