ਇਜ਼ਰਾਈਲ ਤੋਂ ਭਾਰਤ (ਅੰਮ੍ਰਿਤਸਰ) ਘੁੰਮਣ ਆਈ ਮਹਿਲਾ ਸੈਲਾਨੀ ਦਾ ਪਰਸ ਖੋਹਣ ਵਾਲੇ ਤਿੰਨ ਲੁਟੇਰਿਆਂ ਨੂੰ ਥਾਣਾ ਛੇਹਰਟਾ ਪੁਲਿਸ ਨੇ ਕਾਬੂ ਕਰ ਲਿਆ ਹੈ। ਇੱਕ ਦੋਸ਼ੀ ਨਾਬਾਲਗ ਹੈ। ਪੁਲੀਸ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ ਲੁੱਟਿਆ ਹੋਇਆ ਬੈਗ ਅਤੇ ਹੈੱਡ ਫ਼ੋਨ ਬਰਾਮਦ ਕਰ ਲਏ ਹਨ। ਇਸ ਦੇ ਨਾਲ ਹੀ ਵਾਰਦਾਤ ਸਮੇਂ ਵਰਤੀ ਗਈ ਬਾਈਕ ਵੀ ਬਰਾਮਦ ਕਰ ਲਈ ਗਈ ਹੈ। ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਉਨ੍ਹਾਂ ਦੀ ਹਿਰਾਸਤ ਵਿੱਚੋਂ ਪੰਜ ਮੋਬਾਈਲ ਫ਼ੋਨ ਅਤੇ ਇੱਕ ਲੈਪਟਾਪ ਵੀ ਬਰਾਮਦ ਕੀਤਾ ਗਿਆ ਹੈ।
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਬੀਤੀ 24 ਸਤੰਬਰ ਨੂੰ ਔਰਤ ਅਵੀਸ਼ੇਗ ਰੋਵਨ ਇਜ਼ਰਾਈਲ ਤੋਂ ਵਿਸ਼ੇਸ਼ ਤੌਰ ’ਤੇ ਭਾਰਤ ਘੁੰਮਣ ਲਈ ਆਈ ਸੀ। ਪਹਿਲਾਂ ਉਹ ਹਰਿਮੰਦਰ ਸਾਹਿਬ ਮੱਥਾ ਟੇਕਣ ਗਈ ਸੀ। ਉੱਥੋਂ ਅਵਿਸ਼ੇਗ ਰੋਵਨ ਨੇ ਅਟਾਰੀ-ਵਾਹਗਾ ਬਾਰਡਰ ਜਾਣ ਲਈ ਆਟੋ ਕਿਰਾਏ ‘ਤੇ ਲਿਆ। ਆਟੋ ਵਿੱਚ ਬੈਠ ਕੇ ਉਹ ਬਾਰਡਰ ਵੱਲ ਜਾ ਰਹੀ ਸੀ ਅਤੇ ਜਦੋਂ ਛੇਹਰਟਾ ਤੋਂ ਥੋੜ੍ਹੀ ਦੂਰ ਪਹੁੰਚੀ ਤਾਂ ਪਿੱਛੇ ਤੋਂ ਇੱਕ ਬਾਈਕ ਸਵਾਰ ਦੋ ਲੁਟੇਰੇ ਆਏ। ਲੁਟੇਰਿਆਂ ਨੇ ਵਿਦੇਸ਼ੀ ਔਰਤ ਦੇ ਹੱਥ ਵਿੱਚ ਫੜਿਆ ਬੈਗ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਔਰਤ ਚੱਲਦੇ ਆਟੋ ਤੋਂ ਹੇਠਾਂ ਡਿੱਗ ਗਈ। ਇਸ ਕਾਰਨ ਉਸ ਨੂੰ ਕਾਫੀ ਸੱਟਾਂ ਵੀ ਲੱਗੀਆਂ। ਮੁਲਜ਼ਮ ਪਰਸ ਖੋਹਣ ਵਿੱਚ ਸਫ਼ਲ ਹੋ ਗਏ।
ਆਟੋ ਚਾਲਕ ਨੇ ਤੁਰੰਤ ਜ਼ਖਮੀ ਵਿਦੇਸ਼ੀ ਔਰਤ ਨੂੰ ਹਸਪਤਾਲ ਪਹੁੰਚਾਇਆ ਅਤੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੀੜਤ ਔਰਤ ਨੇ ਦੱਸਿਆ ਕਿ ਬੈਗ ‘ਚ ਉਸ ਦਾ ਪਾਸਪੋਰਟ, ਕ੍ਰੈਡਿਟ ਕਾਰਡ ਅਤੇ ਕੁਝ ਨਕਦੀ ਵੀ ਸੀ। ਇਸ ਤੋਂ ਇਲਾਵਾ ਉਸ ਕੋਲ ਕੁਝ ਹੋਰ ਦਸਤਾਵੇਜ਼ ਵੀ ਹਨ। ਘਟਨਾ ਤੋਂ ਤੁਰੰਤ ਬਾਅਦ ਵੱਖ-ਵੱਖ ਥਾਵਾਂ ਤੋਂ ਸੀਸੀਟੀਵੀ ਫੁਟੇਜ ਵੀ ਹਾਸਿਲ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ ਦੇ ਸਕੈਚ ਤਿਆਰ ਕਰਕੇ ਜਾਂਚ ਕੀਤੀ ਗਈ। ਇਸ ਤੋਂ ਬਾਅਦ ਇਨ੍ਹਾਂ ਤਿੰਨਾਂ ਦੋਸ਼ੀਆਂ ਦੀ ਜਾਣਕਾਰੀ ਮਿਲਣ ਤੋਂ ਬਾਅਦ ਐਤਵਾਰ ਨੂੰ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਲੁਟੇਰੇ ਦੇ ਫੜੇ ਜਾਣ ‘ਤੇ ਇਜ਼ਰਾਈਲੀ ਔਰਤ ਅਵੀਸ਼ੇਗ ਰੋਵਨ ਬਹੁਤ ਖੁਸ਼ ਹੋਈ ਅਤੇ ਉਸ ਨੂੰ ਆਪਣਾ ਸਮਾਨ ਵਾਪਸ ਮਿਲ ਗਿਆ ਹੈ। ਇਸ ‘ਤੇ ਉਨ੍ਹਾਂ ਨੇ ਇੱਕ ਵੀਡੀਓ ਜਾਰੀ ਕਰਕੇ ਪੰਜਾਬ ਪੁਲਿਸ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਹੈ। ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਪੁਲਿਸ ਨੇ ਇਸੇ ਤਰ੍ਹਾਂ ਇੱਕ ਵਿਦੇਸ਼ੀ ਸੈਲਾਨੀ ਦੀ ਮਦਦ ਕੀਤੀ ਸੀ। ਪੁਰਸ਼ ਸੈਲਾਨੀ ਦਾ ਸਮਾਨ ਇੱਕ ਆਟੋ ਵਿੱਚ ਪਿੱਛੇ ਰਹਿ ਗਿਆ ਸੀ, ਜਿਸ ਨੂੰ ਪੁਲਿਸ ਨੇ ਲੱਭ ਲਿਆ ਸੀ ਅਤੇ ਸੁਰੱਖਿਅਤ ਵਿਦੇਸ਼ੀ ਸੈਲਾਨੀ ਤੱਕ ਪਹੁੰਚਾ ਦਿੱਤਾ ਸੀ।