ਰੋਜ਼ੀ ਰੋਟੀ ਖਾਤਿਰ ਵਿਦੇਸ਼ਾ ਜਾ ਵੱਸੇ ਪੰਜਾਬੀਆਂ ਦੀ ਦੂਜੀ ਪੀੜ੍ਹੀ ਹਰ ਖੇਤਰਾਂ ਵਿੱਚ ਵੱਡੀਆਂ ਮੱਲਾਂ ਮਾਰ ਰਹੀ ਹੈ। ਹਰ ਖੇਤਰ ਦੇ ਵਿੱਚ ਪੰਜਾਬੀਆਂ ਨੇ ਆਪਣਾ ਨਾਮ ਚਮਕਾਇਆ ਹੈ, ਭਾਵੇਂ ਭਾਰਤ ਹੋਵੇ ਜਾ ਭਾਰਤ ਤੋਂ ਬਾਹਰ ਦੀ ਗੱਲ ਹੋਵੇ। ਫਿਰ ਉਹ ਭਾਵੇ ਖੇਡਾਂ ਦਾ ਖੇਤਰ ਹੋਵੇ ਜਾ ਫਿਰ ਰਾਜਨੀਤੀ ਦਾ। ਜੇਕਰ ਦੁਨੀਆ ਦੇ ਅਮਰੀਕਾ, ਕੈਨੇਡਾ, ਇੰਗਲੈਂਡ ਜਾ ਨਿਊਜ਼ੀਲੈਂਡ ਆਦਿ ਵਰਗੇ ਵੱਡੇ ਦੇਸ਼ਾ ਦੀ ਗੱਲ ਕੀਤੀ ਜਾਵੇ ਤਾਂ ਹਰ ਦੇਸ਼ ਵਿੱਚ ਪੰਜਾਬੀ ਪ੍ਰਮੁੱਖ ਅਹੁਦਿਆਂ ‘ਤੇ ਹਨ। ਜਿਨ੍ਹਾਂ ਦੀ ਪੂਰੀ ਦੁਨੀਆ ਦੇ ਵਿੱਚ ਚਰਚਾ ਕੀਤੀ ਜਾਂਦੀ ਹੈ।
ਇਸੇ ਤਰਾਂ ਹੁਣ ਪੰਜਾਬੀਆਂ ਦਾ ਮਾਣ ਵਧਾਉਣ ਵਾਲੀ ਇੱਕ ਖਬਰ ਦੂਜਾ ਪੰਜਾਬ ਕਹੇ ਜਾਂਦੇ ਦੇਸ਼ ਕੈਨੇਡਾ ਤੋਂ ਆਈ ਹੈ। ਜਿੱਥੇ ਕੈਨੇਡੀਅਨ ਸੂਬੇ ਓਂਟਾਰਿਓ ਵਿੱਚ ਕੈਬਨਿਟ ਵਿੱਚ ਹੋਏ ਬਦਲਾਅ ਵਿੱਚ ਤਿੰਨ ਪੰਜਾਬੀਆਂ ਨੂੰ ਮੰਤਰੀ ਨਿਯੁਕਤ ਕੀਤਾ ਗਿਆ ਹੈ। ਮੋਗਾ ਵਿੱਚ ਜਨਮੇ ਪਰਮ ਗਿੱਲ ਨੂੰ ਸ਼ੁੱਕਰਵਾਰ ਨੂੰ ਓਂਟਾਰਿਓ ਦਾ ਨਵਾਂ ਸਿਟੀਜ਼ਨਸ਼ਿਪ ਅਤੇ ਬਹੁਸਭਿਆਚਾਰਕ ਮੰਤਰੀ ਨਿਯੁਕਤ ਕੀਤਾ ਗਿਆ ਹੈ। ਪ੍ਰਭਮੀਤ ਸਰਕਾਰੀਆ ਨੂੰ ਖਜ਼ਾਨਾ ਬੋਰਡ ਦੇ ਚੇਅਰਮੈਨ ਵਜੋਂ ਪੂਰਾ ਕੈਬਨਿਟ ਰੈਂਕ ਮਿਲਿਆ ਹੈ। ਉਹ ਪਹਿਲਾਂ ਛੋਟੇ ਕਾਰੋਬਾਰ ਅਤੇ ਰੈਡ ਟੇਪ Reduction ਸਹਿਯੋਗੀ ਮੰਤਰੀ ਸਨ। ਸਰਕਾਰੀਆ ਨੇ ਆਪਣੀ ਤਰੱਕੀ ਤੋਂ ਬਾਅਦ ਕਿਹਾ, “ਓਂਟਾਰਿਓ ਦੇ ਖਜ਼ਾਨਾ ਬੋਰਡ ਦੇ ਚੇਅਰਮੈਨ ਵਜੋਂ ਸਹੁੰ ਚੁੱਕਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਮੈਂ ਪ੍ਰੀਮੀਅਰ ਫੋਰਡ ਅਤੇ ਮੇਰੇ ਸਹਿਯੋਗੀਆਂ ਦੇ ਨਾਲ ਓਨਟਾਰੀਓ ਦਾ ਸਮਰਥਨ ਕਰਨ ਲਈ ਸਖਤ ਮਿਹਨਤ ਕਰਨ ਲਈ ਸਮਰਪਿਤ ਹਾਂ।”
ਜਲੰਧਰ ਦੇ ਬਿਲਗਾ ਦੇ ਤਾਂਗੜੀ ਪਰਿਵਾਰ ਦੀ ਨੂੰਹ ਨੀਨਾ ਤਾਂਗੜੀ ਵੀ ਕੈਨੇਡਾ ਦੇ ਓਂਟਾਰੀਓ ਵਿੱਚ ਮੰਤਰੀ ਬਣ ਗਈ ਹੈ। ਨੀਨਾ ਤਾਂਗੜੀ ਨੂੰ ਛੋਟੇ ਕਾਰੋਬਾਰ ਅਤੇ ਰੈਡ ਟੇਪ Reduction ਸਹਿਯੋਗੀ ਮੰਤਰੀ ਬਣਾਇਆ ਗਿਆ ਹੈ। ਹੁਣ ਤੱਕ, ਉਹ ਆਰਥਿਕ ਵਿਕਾਸ, ਰੁਜ਼ਗਾਰ ਉਤਪਤੀ ਅਤੇ ਵਪਾਰ ਮੰਤਰੀ ਦੀ ਸੰਸਦੀ ਸਹਾਇਕ ਵਜੋਂ ਸੇਵਾ ਨਿਭਾ ਰਹੇ ਸੀ। ਨੀਨਾ ਨੇ ਕਿਹਾ, “ਛੋਟੇ ਕਾਰੋਬਾਰ ਅਤੇ ਰੈਡ ਟੇਪ Reduction ਸਹਿਯੋਗੀ ਮੰਤਰੀ ਵਜੋਂ ਸਹੁੰ ਚੁੱਕਣ ਲਈ ਉਤਸੁਕ ਹਾਂ। ਪ੍ਰੀਮੀਅਰ ਦਾ ਧੰਨਵਾਦ।”
ਗਿੱਲ ਨੇ ਕਿਹਾ, “ਕਿਸਨੇ ਸੋਚਿਆ ਹੋਵੇਗਾ ਕਿ ਇੱਕ ਛੋਟਾ ਬੱਚਾ, ਜੋ ਇੱਕ ਛੋਟੀ ਉਮਰ ‘ਚ ਹੀ ਭਾਰਤ ਤੋਂ ਕੈਨੇਡਾ ਵਿੱਚ ਪਰਵਾਸ ਕਰ ਗਿਆ ਸੀ, ਜਿਸ ਦਾ ਪਾਲਣ ਪੋਸ਼ਣ ਇੱਕਲੀ ਮਾਂ ਨੇ ਕੀਤਾ ਸੀ, ਅੱਜ ਸੂਬਾਈ ਨਾਗਰਿਕਤਾ ਅਤੇ ਬਹੁਸਭਿਆਚਾਰਕ ਮੰਤਰੀ ਵਜੋਂ ਸਹੁੰ ਚੁੱਕੇਗਾ।” ਇਸ ਤੋਂ ਪਹਿਲਾਂ ਉਹ ਹਾਊਸ ਆਫ਼ ਕਾਮਨਜ਼ ਵਿੱਚ ਸੰਸਦ ਮੈਂਬਰ ਵਜੋਂ ਸੇਵਾ ਨਿਭਾਅ ਰਿਹਾ ਸੀ।