ਆਕਲੈਂਡ ਦੇ ਉੱਤਰੀ ਕਿਨਾਰੇ ‘ਤੇ ਇੱਕ ਡੇ-ਕੇਅਰ ਵਿੱਚ ਗੈਸ ਲੀਕ ਹੋਣ ਕਾਰਨ ਤਿੰਨ ਲੋਕਾਂ ਦੀ ਸਿਹਤ ਵਿਗੜਨ ਦਾ ਮਾਮਲਾ ਸਾਹਮਣੇ ਆਇਆ ਹੈ। ਉੱਥੇ ਹੀ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਕੈਟਰਪਿਲਰਸ ਟੂ ਬਟਰਫਲਾਈਜ਼ ਅਰਲੀ ਚਾਈਲਡਹੁੱਡ ਸੈਂਟਰ ਵਿਖੇ ਵਾਪਰੀ ਹੈ ਜੋ ਕਿ ਕੋਰੋਨੇਸ਼ਨ ਰੋਡ ‘ਤੇ ਸਥਿਤ ਹੈ। ਹੈਟੋ ਹੋਨ ਸੇਂਟ ਜੌਨ ਨੇ ਕਿਹਾ ਕਿ ਸੋਮਵਾਰ ਸਵੇਰੇ 11.48 ਵਜੇ ਇੱਕ ਰਿਪੋਰਟ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਹਿਲਕ੍ਰੈਸਟ ਵਿੱਚ ਇੱਕ ਪਤੇ ‘ਤੇ ਬੁਲਾਇਆ ਗਿਆ ਸੀ। ਤਿੰਨ ਮਰੀਜ਼ਾਂ ਨੂੰ ਨੌਰਥ ਸ਼ੋਰ ਹਸਪਤਾਲ ਲਿਜਾਇਆ ਗਿਆ ਸੀ ਜਿਨ੍ਹਾਂ ‘ਚੋਂ ਦੋ ਦੀ ਹਾਲਤ ਗੰਭੀਰ ਹੈ। “ਦੋ ਰੈਪਿਡ ਰਿਸਪਾਂਸ ਯੂਨਿਟਾਂ, ਚਾਰ ਐਂਬੂਲੈਂਸਾਂ, ਅਤੇ ਇੱਕ ਓਪਰੇਸ਼ਨ ਮੈਨੇਜਰ ਵੱਲੋਂ ਘਟਨਾ ਦਾ ਜਵਾਬ ਦਿੱਤਾ ਗਿਆ ਸੀ।” ਫਾਇਰ ਅਤੇ ਐਮਰਜੈਂਸੀ ਨਿਊਜ਼ੀਲੈਂਡ ਦੇ ਬੁਲਾਰੇ ਦੱਸਿਆ ਕਿ ਅੱਗ ਬੁਝਾਊ ਅਮਲੇ ਨੂੰ ਦੁਪਹਿਰ 12 ਵਜੇ ਦੇ ਕਰੀਬ ਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ। ਵਰਕਸੇਫ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ “ਅਤੇ ਸ਼ੁਰੂਆਤੀ ਪੁੱਛਗਿੱਛ ਕੀਤੀ ਜਾ ਰਹੀ ਹੈ”।
